ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਪੀਜੀਆਈ ਚੰਡੀਗੜ੍ਹ ਵਿਖੇ ਆਖਰੀ ਸਾਹ ਲਿਆ। ਉਨ੍ਹਾਂ ਦੀ ਉਮਰ 85 ਸਾਲ ਦੇ ਲਗਭਗ ਸੀ। ਜਾਣਕਾਰੀ ਅਨੁਸਾਰ ਬ੍ਰਹਮਪੁਰਾ ਪਿਛਲੇ ਕਈ ਦਿਨਾਂ ਤੋਂ ਬਿਮਾਰ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਅਧੀਨ ਸਨ, ਜਿਥੇ ਉਨ੍ਹਾਂ ਨੇ ਆਪਣੇ ਆਖਰੀ ਸਾਹ ਲਏੇ। ਉਹ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਮੰਤਰੀ ਵੀ ਰਹੇ ਹਨ ਅਤੇ 4 ਸਾਲ ਤੱਕ ਵਿਧਾਇਕ ਵੀ ਰਹੇ। ਬ੍ਰਹਮਪੁਰਾ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਮੈਂਬਰਾਂ ਵਿਚੋਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦੇ ਦੇਹਾਂਤ ਉਪਰ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਦਲਜੀਤ ਸਿੰਘ ਚੀਮਾ ਸਮੇਤ ਸਮੂਹ ਆਗੂਆਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਦੱਸ ਦੇਈਏ ਕਿ ਉਨ੍ਹਾਂ ਨੇ ਪਿਛਲੇ ਸਮੇਂ ਅਕਾਲੀ ਦਲ ਬਾਦਲ ਤੋਂ ਵੱਖਰਾ ਰਸਤਾ ਅਖਤਿਆਰ ਕਰ ਲਿਆ ਸੀ। ਰਣਜੀਤ ਸਿੰਘ ਬ੍ਰਹਮਪੁਰਾ ਦਾ ਸਸਕਾਰ ਕੱਲ੍ਹ ਬੁੱਧਵਾਰ ਨੂੰ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ ਟਵੀਟ ਕਰਕੇ ਕਿਹਾ, ''ਅਣਥੱਕ ਪੰਥਕ ਯੋਧੇ ਅਤੇ ਅਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਦਾ ਚਲੇ ਜਾਣਾ ਪੰਥ, ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਘਾਟਾ ਹੈ। ਇਸ ਝਟਕੇ ਨੇ ਇੱਕ ਖਾਲੀ ਥਾਂ ਪੈਦਾ ਕਰ ਦਿੱਤੀ ਹੈ ਜਿਸ ਨੂੰ ਭਰਨਾ ਔਖਾ ਹੋਵੇਗਾ।'' ਪਾਰਟੀ ਪ੍ਰਧਾਨ ਨੇ ਅੱਗੇ ਕਿਹਾ, ''ਸਾਰੀ ਉਮਰ ਜਥੇਦਾਰ ਸਾਹਿਬ ਰਾਜਨੀਤੀ ਵਿਚ ਪੰਥਕ ਕਦਰਾਂ-ਕੀਮਤਾਂ ਦੇ ਅਟੱਲ ਪ੍ਰਤੀਕ ਬਣੇ ਰਹੇ ਅਤੇ ਇਨ੍ਹਾਂ ਦੀ ਰਾਖੀ ਲਈ ਮੋਹਰੀ ਰਹੇ। ਮੈਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਘਾਟਾ ਸਹਿਣ ਦੀ ਤਾਕਤ ਦੇਣ ਦੀ ਅਰਦਾਸ ਕਰਦਾ ਹਾਂ।''