ਚੰਡੀਗੜ੍ਹ, 25 ਸਤੰਬਰ 2024 : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਉਦਯੋਗਿਕ, ਘਰੇਲੂ ਅਤੇ ਵਪਾਰਕ ਸਮੇਤ ਸਾਰੇ ਖਪਤਕਾਰਾਂ ਲਈ ਬਕਾਇਆ ਰਕਮਾਂ ਦਾ ਨਿਪਟਾਰਾ ਕਰਨ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਵੱਲੋਂ ਤਿੰਨ ਮਹੀਨਿਆਂ ਲਈ ਸ਼ੁਰੂ ਕੀਤੀ ਗਈ ਯਕਮੁਸ਼ਤ ਨਿਪਟਾਰਾ ਯੋਜਨਾ (ਓ.ਟੀ.ਐੱਸ.) ਦਾ ਐਲਾਨ ਕੀਤਾ। ਇਹ ਯੋਜਨਾ ਸਭਨਾ ਖਪਤਕਾਰਾਂ ਲਈ ਲਾਗੂ ਹੋਵੇਗੀ ਭਾਵੇਂ ਉਨ੍ਹਾਂ ਦਾ ਕੁਨੈਕਸ਼ਨ ਚੱਲ ਰਿਹਾ ਹੋਵੇ ਜਾਂ ਕੱਟਿਆ ਗਿਆ ਹੋਵੇ। ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਇਹ ਸਕੀਮ ਬਿਜਲੀ ਖਪਤਕਾਰਾਂ ਲਈ ਇੱਕ ਸੁਨਹਿਰੀ ਮੌਕਾ ਪੇਸ਼ ਕਰਦੀ ਹੈ, ਜਿਸ ਰਾਹੀਂ 22 ਦਸੰਬਰ 2024 ਤੱਕ ਬਕਾਇਆ ਨਿਪਟਾਉਣ ਲਈ ਆਸਾਨ ਸ਼ਰਤਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਓ.ਟੀ.ਐਸ ਸਕੀਮ ਦੇ ਤਹਿਤ, ਮੌਜੂਦਾ 18% ਮਿਸ਼ਰਿਤ ਵਿਆਜ ਦੇ ਮੁਕਾਬਲੇ ਬਕਾਇਆ ਡਿਫਾਲਟਿੰਗ ਰਕਮ 'ਤੇ 9% ਦਾ ਸਧਾਰਨ ਵਿਆਜ ਅਤੇ ਅਦਾਲਤੀ ਮਾਮਲਿਆਂ ਵਿੱਚ ਸ਼ਾਮਲ ਹੋਣ ਵਾਲੇ ਖਪਤਕਾਰਾਂ ਲਈ 10% ਦਾ ਸਾਧਾਰਨ ਵਿਆਜ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ, ਛੇ ਮਹੀਨਿਆਂ ਤੋਂ ਘੱਟ ਮਿਆਦਾਂ ਲਈ ਫਿਕਸਡ ਖਰਚੇ ਮੁਆਫ ਕੀਤੇ ਜਾਣਗੇ, ਅਤੇ ਛੇ ਮਹੀਨਿਆਂ ਤੋਂ ਵੱਧ ਦੀ ਮਿਆਦ ਲਈ ਸਿਰਫ ਛੇ ਮਹੀਨਿਆਂ ਦੇ ਫਿਕਸਡ ਖਰਚੇ ਲਾਗੂ ਕੀਤੇ ਜਾਣਗੇ। ਹੋਰ ਜਾਣਕਾਰੀ ਦਿੰਦਿਆਂ, ਬਿਜਲੀ ਮੰਤਰੀ ਨੇ ਕਿਹਾ ਕਿ ਓ.ਟੀ.ਐਸ. ਸਕੀਮ ਚਾਰ ਕਿਸ਼ਤਾਂ ਵਿੱਚ ਭੁਗਤਾਨ ਕਰਨ ਦੀ ਸਹੂਲਤ ਵੀ ਪੇਸ਼ ਕਰਦੀ ਹੈ, ਜਦੋਂ ਕਿ ਮੌਜੂਦਾ ਹਦਾਇਤਾਂ ਅਨੁਸਾਰ ਕਿਸ਼ਤਾਂ ਵਿੱਚ ਭੁਗਤਾਨ ਦੀ ਕੋਈ ਸਹੂਲਤ ਨਹੀਂ ਹੈ। ਇਸ ਤੋਂ ਇਲਾਵਾ, ਜੇਕਰ ਰਕਮ ਇਕਮੁਸ਼ਤ ਅਦਾ ਕੀਤੀ ਜਾਂਦੀ ਹੈ ਤਾਂ ਬਕਾਇਆ ਵਾਧੂ ਸੁਰੱਖਿਆ (ਖਪਤ) ਲਈ ਲਗਾਏ ਗਏ ਜੁਰਮਾਨੇ ਨੂੰ ਮੁਆਫ ਕਰ ਦਿੱਤਾ ਜਾਵੇਗਾ। ਬਿਜਲੀ ਮੰਤਰੀ ਨੇ ਕਿਹਾ ਕਿ ਬਕਾਇਆ ਅਦਾਲਤੀ ਕੇਸਾਂ ਵਾਲੇ ਖਪਤਕਾਰ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ, ਅਤੇ ਕੇਸਾਂ ਦਾ ਨਿਪਟਾਰਾ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ 'ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਓ.ਟੀ.ਐਸ ਸਕੀਮ ਦਾ ਮੁੱਖ ਪਹਿਲੂ ਇਹ ਹੈ ਕਿ ਇਹ ਮਾਮਲੇ ਦੇ ਸਮਾਂਬੱਧ ਨਿਪਟਾਰੇ ਨੂੰ ਯਕੀਨੀ ਬਣਾਉਂਦੀ ਹੈ। ਖਪਤਕਾਰਾਂ ਨੂੰ ਆਪਣੀਆਂ ਬਕਾਇਆ ਰਕਮਾਂ ਦਾ ਆਸਾਨ ਸ਼ਰਤਾਂ ‘ਤੇ ਨਿਪਟਾਰਾ ਕਰਨ ਲਈ ਇਸ ਮੌਕੇ ਦਾ ਲਾਭ ਉਠਾਉਣ ਵਾਸਤੇ ਪ੍ਰੇਰਿਤ ਕਰਦਿਆਂ ਬਿਜਲੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਬਿਜਲੀ ਵਿਭਾਗ ਆਪਣੇ ਖਪਤਕਾਰਾਂ ਦੀ ਹਰ ਸੰਭਵ ਸੇਵਾ ਕਰਨ ਲਈ ਹਮੇਸ਼ਾ ਵਚਨਬੱਧ ਹੈ।