- ਡਾ. ਦਲਜੀਤ ਸਿੰਘ ਚੀਮਾ ਨੇ ਸਕੀਮ ਨੂੰ ਮੁੜ ਸ਼ੁਰੂ ਕਰਨ ਵਾਸਤੇ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ
ਚੰਡੀਗੜ੍ਹ, 4 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਨ ਡੀ ਏ ਸਰਕਾਰ ਵੱਲੋਂ ਪੀ ਐਚ ਡੀ ਅਤੇ ਪ੍ਰੀ ਮੈਟ੍ਰਿਕ ਵਿਦਿਆਰਥੀਆਂ ਵਾਸਤੇ ਸਕਾਲਰਸ਼ਿਪ ਬੰਦ ਕਰਨ ਦੇ ਫੈਸਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਇਹ ਸਕੀਮਾਂ ਤੁਰੰਤ ਮੁੜ ਸ਼ੁਰੂ ਕੀਤੀਆਂ ਜਾਣ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਐਨ ਡੀ ਏ ਸਰਕਾਰ ਵੱਲੋਂ ਪੀ ਐਚ ਡੀ ਅਤੇ ਐਮ ਫਿਲ ਦੇ ਵਿਦਿਆਰਥੀਆਂ ਲਈ ਲਈ ਮੌਲਾਨਾ ਆਜਾ਼ਦ ਨੈਸ਼ਨਲ ਫੈਲੋ ਸਕਾਲਰਸ਼ਿਪ ਸਕੀਮ ਬੰਦ ਕਰਨ ਨਾਲ ਘੱਟ ਗਿਣਤੀ ਵਰਗ ਦੇ ਸਿੱਖਿਆ ਮਿਆਰ ਨੂੰ ਡੂੰਘੀ ਸੱਟ ਵੱਜੇਗੀ ਕਿਉਂਕਿ ਇਸ ਸਕੀਮ ਤਹਿਤ ਦੋਵਾਂ ਲਈ ਕ੍ਰਮਵਾਰ 32 ਹਜ਼ਾਰ ਅਤੇ 35 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਮਿਲ ਰਹੀ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਿਸਦਾ ਮਕਸਦ ਸਕੂਲ ਸਿੱਖਿਆ ਦੇ ਮੁੱਢਲੇਪੜਾਅ ’ਤੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ ਸੀ, ਨੂੰ ਬੰਦ ਕਰਨ ਨਾਲ ਵੀ ਘੱਟ ਗਿਣਤੀਆਂ ਦੇ ਹਿੱਤਾਂ ਨੂੰ ਸੱਟ ਵੱਜੇਗੀ। ਉਹਨਾਂ ਕਿਹਾ ਕਿ ਇਸੇ ਤਰੀਕੇ ਪੜ੍ਹੋ ਪ੍ਰਦੇਸ਼ ਸਕੀਮ ਜੋ ਘੱਟ ਗਿਣਤੀਆਂ ਲਈਸੀ ਤਹਿਤ ਉਹਨਾਂ ਨੂੰ ਵਿਦੇਸ਼ ਵਿਚ ਸਿੱਖਿਆ ਵਾਸਤੇ ਲਏ ਕਰਜ਼ੇ ’ਤੇ ਸਬਸਿਡੀ ਦਿੱਤੀ ਜਾਂਦੀ ਸੀ ਜੋ ਬੰਦ ਕਰ ਦਿੱਤੀ ਗਈ ਹੈ। ਡਾ. ਚੀਮਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਘੱਟ ਗਿਣਤੀਆਂ ਵਿਰੋਧੀ ਇਹਨਾਂ ਫੈਸਲਿਆਂ ਦੀ ਨਜ਼ਰਸਾਨੀ ਕਰਨ। ਉਹਨਾਂ ਕਿਹਾ ਕਿ ਇਹ ਫੈਸਲੇ ਵਿਤਕਰੇਭਰਪੂਰ ਹਨ ਅਤੇ ਸੰਵਿਧਾਨ ਦੀ ਭਾਵਨਾ ਦੇ ਉਲਟ ਹਨ। ਅਕਾਲੀ ਆਗੂ ਨੇ ਇਸ ਗੱਲ ’ਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਕਿਵੇਂ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਇਸ ਅਹਿਮ ਮਾਮਲੇ ’ਤੇ ਚੁੱਪੀ ਵੱਟ ਲਈ ਹੈ। ਉਹਨਾਂ ਕਿਹਾ ਕਿ ਕਮਿਸ਼ਨ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸੰਵਿਧਾਨ ਵਿਚ ਦਰਜ ਹੈ ਕਿ ਘੰਟ ਗਿਣਤੀਆਂ ਦੇ ਹਿੱਤਾਂ ਲਈ ਕੰਮ ਕੀਤਾ ਜਾਵੇ ਨਾ ਕਿ ਕਿਸੇ ਸਿਆਸੀ ਪਾਰਟੀ ਵਾਸਤੇ ਕੰਮ ਕੀਤਾ ਜਾਵੇ। ਉਹਨਾਂ ਕਿਹਾ ਕਿ ਕਮਿਸ਼ਨਰ ਨੂੰ ਉਸੇ ਮੁਤਾਬਕ ਕੰਮ ਕਰਨਾ ਚਾਹੀਦਾ ਹੈ ਤੇ ਘੱਟ ਗਿਣਤੀ ਵਿਰੋਧੀ ਫੈਸਲੇ ਤੁਰੰਤ ਖਾਰਜ ਕਰਨ ਦੀ ਮੰਗ ਕਰਨੀ ਚਾਹੀਦੀ ਹੈ।