ਆਪ' ਨੇ ਚੰਡੀਗੜ੍ਹ ਨਗਰ ਨਿਗਮ ਦੇ ਪਾਰਕਿੰਗ ਪ੍ਰਸਤਾਵ ਦਾ ਕੀਤਾ ਸਖ਼ਤ ਵਿਰੋਧ

  • ਭਾਜਪਾ ਪੰਜਾਬ ਨੂੰ ਆਪਣੀ ਹੀ ਰਾਜਧਾਨੀ ਚੰਡੀਗੜ੍ਹ ਤੋਂ ਬਾਹਰ ਕਰਨ ਦੀ ਲਗਾਤਾਰ ਸਾਜਿਸ਼ ਰਚ ਰਹੀ ਹੈ - ਮਲਵਿੰਦਰ ਸਿੰਘ ਕੰਗ
  • ਰਾਜਪਾਲ ਨੂੰ ਅਪੀਲ- ਇਸ ਪ੍ਰਸਤਾਵ ਨੂੰ ਕਿਸੇ ਵੀ ਕੀਮਤ 'ਤੇ ਪ੍ਰਵਾਨ ਨਾ ਕੀਤਾ ਜਾਵੇ

ਚੰਡੀਗੜ੍ਹ, 31 ਜੁਲਾਈ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਕਿੰਗ ਬਾਰੇ ਚੰਡੀਗੜ੍ਹ ਨਗਰ ਨਿਗਮ ਦੇ ਫੈਸਲੇ (ਜਿਸ ਵਿੱਚ ਚੰਡੀਗੜ੍ਹ ਵਿਚ ਬਾਹਰ ਤੋਂ ਆਉਣ ਵਾਲੇ ਵਾਹਨਾਂ ਲਈ ਪਾਰਕਿੰਗ ਫੀਸ ਦੁੱਗਣੀ ਕਰਨ ਦੀ ਤਜਵੀਜ਼ ਹੈ) ਦਾ ਸਖ਼ਤ ਵਿਰੋਧ ਕੀਤਾ ਹੈ।  ਪਾਰਟੀ ਨੇ ਕਿਹਾ ਕਿ ਇਹ ਭਾਜਪਾ ਸ਼ਾਸਤ ਚੰਡੀਗੜ੍ਹ ਨਗਰ ਨਿਗਮ ਦਾ ਤਾਨਾਸ਼ਾਹੀ ਅਤੇ ਧੱਕੇਸ਼ਾਹੀ ਵਾਲਾ ਫੈਸਲਾ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਸੋਮਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਸ ਫੈਸਲੇ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਭਾਜਪਾ ਪੰਜਾਬ ਨੂੰ ਆਪਣੀ ਹੀ ਰਾਜਧਾਨੀ ਚੰਡੀਗੜ੍ਹ ਤੋਂ ਬੇਦਖਲ ਕਰਨ ਦੀ ਲਗਾਤਾਰ ਸਾਜ਼ਿਸ਼ ਰਚ ਰਹੀ ਹੈ। ਇਹ ਫੈਸਲਾ ਉਨ੍ਹਾਂ ਸਾਜ਼ਿਸ਼ਾਂ ਦਾ ਇਹ ਹਿੱਸਾ ਹੈ। ਚੰਡੀਗੜ੍ਹ 'ਤੇ ਪੰਜਾਬ ਦੇ ਦਾਅਵੇ ਨੂੰ ਮਜ਼ਬੂਤ ​​ਕਰਦੇ ਹੋਏ ਕੰਗ ਨੇ ਕਿਹਾ ਕਿ ਭਾਜਪਾ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਹੈ। ਪੰਜਾਬ ਦੇ ਲੱਖਾਂ ਲੋਕ ਇੱਥੇ ਰਹਿੰਦੇ ਹਨ ਅਤੇ ਰੋਜ਼ਾਨਾ ਆਉਂਦੇ-ਜਾਂਦੇ ਹਨ। ਇਸ ਲਈ ਇਸ ਫੈਸਲੇ ਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਲੋਕਾਂ 'ਤੇ ਪਵੇਗਾ।ਪੰਜਾਬ ਅਜਿਹੇ ਫੈਸਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਕੰਗ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੂੰ ਇਸ ਫੈਸਲੇ ਨੂੰ ਕਿਸੇ ਵੀ ਕੀਮਤ ’ਤੇ ਨਾ ਮੰਨਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਦੀ ਤਜਵੀਜ਼ ਉਦੋਂ ਹੀ ਕਾਨੂੰਨ ਬਣ ਸਕਦੀ ਹੈ, ਜਦੋਂ ਰਾਜਪਾਲ ਇਸ ’ਤੇ ਆਪਣੇ ਦਸਤਖ਼ਤ ਕਰਨਗੇ।  ਇਸ ਲਈ ਰਾਜਪਾਲ ਨੂੰ ਸੋਚ-ਵਿਚਾਰ ਕੇ ਇਸ ਪ੍ਰਸਤਾਵ 'ਤੇ ਦਸਤਖਤ ਕਰਨੇ ਚਾਹੀਦੇ ਹਨ। ਕੰਗ ਨੇ ਭਾਜਪਾ ਨੂੰ ਅਜਿਹੀਆਂ ਹਰਕਤਾਂ ਤੋਂ ਗੁਰੇਜ਼ ਕਰਨ ਅਤੇ ਚੰਡੀਗੜ੍ਹ 'ਤੇ ਪੰਜਾਬ ਦੇ ਹੱਕਾਂ ਨਾਲ ਛੇੜਛਾੜ ਨਾ ਕਰਨ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ 'ਤੇ ਪੰਜਾਬ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਵਾਲਾ ਕੋਈ ਵੀ ਅਜਿਹਾ ਫੈਸਲਾ ਸਾਨੂੰ ਅਤੇ ਹਰ ਪੰਜਾਬੀ ਲਈ ਬਰਦਾਸ਼ਤਯੋਗ ਹੈ ਅਤੇ ਅਜਿਹੀ ਕੋਈ ਵੀ ਯੋਜਨਾ ਕਦੇ ਵੀ ਸਫਲ ਨਹੀਂ ਹੋ ਸਕਦੀ।