ਚੰਡੀਗੜ੍ਹ, 10 ਮਾਰਚ : ਅੱਜ ਭਗਵੰਤ ਮਾਨ ਸਰਕਾਰ ਨੇ ਅਪਣਾ ਪਹਿਲਾ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਕੁੱਲ 1 ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਇਹ ਬਜਟ ਪੇਸ਼ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਆਗੂਆਂ ਨੇ ਇਸ ਬਜਟ ਦੀ ਆਲੋਚਨਾ ਕੀਤੀ। ਬਜਟ ਬਾਰੇ ਸਾਬਕਾ ਖਜਾਨਾ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਦਾ ਬਜਟ ਨਾ ਉਮੀਦ ਵਾਲਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦਾ ਬਜਟ ਬਹੁਤਾ ਰੰਗੀਨ ਤੇ ਦਿਲਕਸ਼ ਨਹੀਂ ਸੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਬਜਟ ਵਿਚ ਗੱਲਾਂ ਜ਼ਿਆਦਾ ਤੇ ਕੰਮ ਦੀਆਂ ਗੱਲਾਂ ਘੱਟ ਸਨ। ਉਨ੍ਹਾਂ ਕਿਹਾ ਕਿ ਜਿਵੇਂ ਦੀ ਬਜਟ ਦੀ ਸ਼ੁਰੂਆਤ ਹੋਈ ਇਕ ਪੰਜਾਬੀ ਨੂੰ ਉਸ ਦੀ ਕਦੇ ਉਮੀਦ ਨਹੀਂ ਸੀ। ਉਹਨਾਂ ਨੇ ਕਿਹਾ ਕਿ ਇੱਕ ਪਾਣੀ ਦਾ ਗਿਲਾਸ ਵੀ ਕੋਈ ਪਿਲਾ ਦੇਵੇ ਪੰਜਾਬੀ ਤਾਂ ਵੀ ਸ਼ੁਕਰਗੁਜ਼ਾਰ ਹੁੰਦਾ ਹੈ, ਜਿਹੜੇ ਬੱਚੇ ਬੇਰੁਜ਼ਗਾਰ ਹਨ, ਉਹ ਅਤੇ ਉਨ੍ਹਾਂ ਮਾਪਿਆਂ ਨੇ ਇਹ ਬਜਟ ਜ਼ਰੂਰ ਸੁਣਿਆ ਹੋਣਆ ਹੈ ਤੇ ਜਿਸ ਨੂੰ ਸੁਣ ਕੇ ਉਹਨਾਂ ਨੂੰ ਨਿਰਾਸ਼ਾ ਹੀ ਮਿਲੀ ਹੋਵੇਗੀ। ਹਰ ਕੋਈ ਆਪਣੀ ਉਮੀਦ ਨਾਲ ਇਸ ਬਜਟ ਨੂੰ ਸੁਣ ਰਿਹਾ ਸੀ ਪਰ ਸਰਕਾਰ ਲੋਕਾਂ ਦੀ ਉਮੀਦ 'ਤੇ ਖਰੀ ਨਹਹੀਂ ਉੱਤਰ ਸਕੀ। ਇਸ ਬਜਟ ਤੋਂ ਮਹਿੰਗਾਈ ਖ਼ਤਮ ਹੋਣ ਦੀ ਉਮੀਦ ਸੀ। 1 ਸਾਲ ਪਹਿਲਾਂ ਵੱਡੀ ਉਮੀਦ ਨਾਲ ਸਰਕਾਰ ਬਣਾਈ ਗਈ ਸੀ ਅਤੇ ਬਦਲਾਅ ਦਾ ਦਾਅਵਾ ਕੀਤਾ ਗਿਆ ਸੀ ਪਰ ਇਹਨਾਂ 11 ਮਹੀਨਿਆਂ ਵਿਚ ਕੋਈ ਬਦਲਾਅ ਨਹੀਂ ਆਇਆ।