- ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿਧਾਇਕਾਂ ਨਾਲ ਮੀਟਿੰਗ ਕਰ ਪ੍ਰੋਗਰਾਮ ਬਾਰੇ ਕੀਤੀ ਵਿਸਥਾਰ ਚਰਚਾ
- ਲੋਕਾਂ ਨੇ ਸਾਨੂੰ ਚੁਣਿਆ ਹੈ, ਉਹਨਾਂ ਨੂੰ ਸਾਡੇ ਤੋਂ ਬਹੁਤ ਉਮੀਦਾਂ ਹਨ, ਅਸੀਂ ਉਹਨਾਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨਸ਼ੀਲ ਹਾਂ - ਗੁਰਮੀਤ ਸਿੰਘ ਮੀਤ ਹੇਅਰ
- ਮੁੱਖ ਮੰਤਰੀ ਨੇ ਸਾਰੇ ਵਿਧਾਇਕਾਂ ਤੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਕੰਮਾਂ ਬਾਰੇ ਫੀਡਬੈਕ ਲਿਆ ਅਤੇ ਭਵਿੱਖ ਲਈ ਦਿਸ਼ਾ-ਨਿਰਦੇਸ਼ ਦਿੱਤੇ : ਮਲਵਿੰਦਰ ਸਿੰਘ ਕੰਗ
ਚੰਡੀਗੜ੍ਹ, 13 ਅਗਸਤ 2024 : ਆਮ ਆਦਮੀ ਪਾਰਟੀ (ਆਪ) ਨੇ ਆਉਣ ਵਾਲੇ ਦਿਨਾਂ 'ਚ 'ਤੁਹਾਡਾ ਐਮਐਲਏ ਤੁਹਾਡੇ ਦੁਆਰ’ ਪ੍ਰੋਗਰਾਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਮੀਟਿੰਗ ਕਰਕੇ ਇਸ ਪ੍ਰੋਗਰਾਮ ਬਾਰੇ ਚਰਚਾ ਕੀਤੀ ਅਤੇ ਇਸ ਨਾਲ ਜੁੜੇ ਸਾਰੇ ਪਹਿਲੂਆਂ 'ਤੇ ਵਿਚਾਰ ਕੀਤਾ। ਮੁੱਖ ਮੰਤਰੀ ਨੇ ਸਾਰੇ ਹਲਕਿਆਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਇਲਾਕੇ ਦੇ ਵਿਧਾਇਕ ਨਾਲ ਵੀ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਚੁਣਿਆ ਹੈ। ਉਨ੍ਹਾਂ ਨੂੰ ਸਾਡੇ ਤੋਂ ਬਹੁਤ ਉਮੀਦਾਂ ਹਨ ਅਤੇ ਅਸੀਂ ਉਨ੍ਹਾਂ ਨੂੰ ਪੂਰਾ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਲੋਕਾਂ ਵਿੱਚ ਜਾ ਕੇ ਹੀ ਜਾਣੀਆਂ ਅਤੇ ਸਮਝਿਆਂਂ ਜਾ ਸਕਦੀਆਂ ਹਨ, ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਅਨੁਸਾਰ ਸਾਡੇ ਵਿਧਾਇਕਾਂ ਨੇ ਸਿੱਧੇ ਤੌਰ ’ਤੇ ਲੋਕਾਂ ਦੇ ਵਿਚਕਾਰ ਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਡੀ ਸਰਕਾਰ ਪੰਜਾਬ 'ਚ 'ਸਰਕਾਰ ਤੁਹਾਡੇ ਦੁਆਰ' ਪ੍ਰੋਗਰਾਮ ਚਲਾ ਰੀ ਹੈ, ਜਿਸ 'ਚ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਖੁਦ ਪਿੰਡਾਂ 'ਚ ਜਾ ਕੇ ਉਥੇ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਹਨ, ਉਸੇ ਤਰਜ਼ 'ਤੇ ਹੁਣ ਵਿਧਾਇਕ ਵੀ ਲੋਕਾਂ ਦੇ ਦਰਵਾਜ਼ੇ 'ਤੇ ਜਾਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ। ਰਾਜਪੁਰਾ-ਚੰਡੀਗੜ੍ਹ ਰੇਲ ਕਨੈਕਟੀਵਿਟੀ 'ਤੇ ਮੀਤ ਹੇਅਰ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਦਾ ਜਵਾਬ ਸਵਾਲ ਖੜੇ ਕਰਦਾ ਹੈ। ਬਿੱਟੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਜ਼ਮੀਨ ਨਹੀਂ ਦੇ ਰਹੀ, ਜਿਸ ਕਾਰਨ ਰੇਲਵੇ ਪ੍ਰਾਜੈਕਟ ਨੂੰ ਰੋਕਣਾ ਪਿਆ। ਉਨਾਂ ਨੂੰ ਮੁਫਤ ਜ਼ਮੀਨ ਚਾਹੀਦੀ ਹੈ, ਜਦੋਂ ਕਿ ਉਸ ਇਲਾਕੇ ਦੀ ਜ਼ਮੀਨ ਬਹੁਤ ਮਹਿੰਗੀ ਹੈ। ਉਨਾਂ ਦਾ ਪ੍ਰਸਤਾਵ ਉਨਾਂ ਦੇ ਇਰਾਦਿਆਂ 'ਤੇ ਸਵਾਲ ਖੜ੍ਹੇ ਕਰਦਾ ਹੈ। ‘ਆਪ’ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਸਾਰੇ ਕੰਮਾਂ ਬਾਰੇ ਸਾਰੇ ਵਿਧਾਇਕਾਂ ਤੋਂ ਫੀਡਬੈਕ ਲਿਆ ਅਤੇ ਭਵਿੱਖ ਲਈ ਦਿਸ਼ਾ-ਨਿਰਦੇਸ਼ ਦਿੱਤੇ। ਸਾਰੀਆਂ ਸਿਆਸੀ ਪਾਰਟੀਆਂ ਅਤੇ ਸਰਕਾਰਾਂ ਸਮੇਂ-ਸਮੇਂ 'ਤੇ ਅਜਿਹਾ ਕਰਦੀਆਂ ਹਨ। ਕੇਂਦਰ ਸਰਕਾਰ ਨਾਲ ਸਬੰਧਾਂ ਬਾਰੇ ਕੰਗ ਨੇ ਕਿਹਾ ਕਿ ਕੇਂਦਰ ਨੂੰ ਪੰਜਾਬ ਪ੍ਰਤੀ ਆਪਣਾ ਰਵੱਈਆ ਬਦਲਣਾ ਚਾਹੀਦਾ ਹੈ ਅਤੇ ਬਦਲੇ ਦੀ ਭਾਵਨਾ ਖਤਮ ਕਰਨੀ ਚਾਹੀਦੀ ਹੈ, ਤਾਂ ਹੀ ਸਾਰੇ ਵਿਕਾਸ ਕਾਰਜ ਅਤੇ ਪ੍ਰਾਜੈਕਟ ਸਫਲਤਾਪੂਰਵਕ ਨੇਪਰੇ ਚੜ੍ਹ ਸਕਦੇ ਹਨ। ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਕੰਗ ਨੇ ਕਿਹਾ ਕਿ ਮਾਨ ਸਰਕਾਰ ਇਸ 'ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਪਹਿਲਾਂ ਨਾਲੋਂ ਕਾਫੀ ਬਿਹਤਰ ਹੋ ਗਈ ਹੈ।