- 1 ਲੱਖ ਰੁਪਏ ਰੁਪਏ ਤੱਕ ਦੇ ਬਕਾਏ ਵਾਲੇ 50,903 ਡੀਲਰਾਂ ਨੂੰ ਮਿਲੀ ਕੁੱਲ 221.75 ਕਰੋੜ ਰੁਪਏ ਦੀ ਛੋਟ
- 1 ਲੱਖ ਤੋਂ 1 ਕਰੋੜ ਰੁਪਏ ਤੱਕ ਦੇ ਬਕਾਏ ਵਾਲੇ 19,408 ਡੀਲਰਾਂ ਨੂੰ ਮਿਲੀ 644.46 ਕਰੋੜ ਰੁਪਏ ਦੀ ਛੋਟ
ਚੰਡੀਗੜ੍ਹ, 20 ਅਗਸਤ 2024 : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਵਿਰਾਸਤੀ ਟੈਕਸ ਮਾਮਲਿਆਂ ਨੂੰ ਘਟਾਉਣ ਅਤੇ ਸੁਚਾਰੂ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਨਵੰਬਰ 2023 ਵਿੱਚ ਸ਼ੁਰੂ ਕੀਤੀ ਯਕਮੁਸ਼ਤ ਨਿਪਟਾਰਾ ਸਕੀਮ-3 (ਓ.ਟੀ.ਐਸ-3) ਦਾ ਕੁੱਲ 70,311 ਡੀਲਰਾਂ ਨੇ ਲਾਭ ਉਠਾਇਆ ਹੈ। ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਓ.ਟੀ.ਐਸ.-3 ਦੇ ਨਤੀਜੇ ਵਜੋਂ ਸਰਕਾਰੀ ਖਜ਼ਾਨੇ ਵਿੱਚ 164.35 ਕਰੋੜ ਰੁਪਏ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੁਆਰਾ ਸ਼ੁਰੂ ਕੀਤੀਆਂ ਗਈਆਂ ਓ.ਟੀ.ਐਸ-1 ਅਤੇ ਓ.ਟੀ.ਐਸ-2 ਸਕੀਮਾਂ ਇਸ ਦੇ ਉਲਟ 31,768 ਮਾਮਲਿਆਂ ਵਿੱਚੋਂ ਸਿਰਫ 13.15 ਕਰੋੜ ਰੁਪਏ ਦਾ ਕੁੱਲ ਟੈਕਸ ਮਾਲੀਆ ਹੀ ਜੁਟਾ ਪਾਈਆਂ ਸਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਓ.ਟੀ.ਐਸ-3 ਤਹਿਤ ਇੱਕ ਲੱਖ ਰੁਪਏ ਤੋਂ ਘੱਟ ਦੇ ਬਕਾਏ ਵਾਲੇ 50,903 ਡੀਲਰਾਂ ਨੇ ਟੈਕਸ, ਵਿਆਜ ਅਤੇ ਜੁਰਮਾਨੇ ਤੋਂ 100% ਛੋਟ ਦਾ ਲਾਭ ਉਠਾਇਆ, ਜਿਸ ਦੇ ਨਤੀਜੇ ਵਜੋਂ ਕੁੱਲ 221.75 ਕਰੋੜ ਰੁਪਏ ਦੇ ਬਕਾਏ ਮੁਆਫ਼ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 19,408 ਡੀਲਰ ਜਿਨ੍ਹਾਂ ਦੇ ਬਕਾਏ 1 ਲੱਖ ਤੋਂ 1 ਕਰੋੜ ਰੁਪਏ ਤੱਕ ਸਨ, ਨੇ ਵਿਆਜ ਅਤੇ ਜੁਰਮਾਨੇ ਤੋਂ 100% ਛੋਟ, ਅਤੇ ਟੈਕਸ ਵਿੱਚ 50% ਛੋਟ ਦਾ ਲਾਭ ਲਿਆ, ਜਿਸ ਤਹਿਤ ਕੁੱਲ 644.46 ਕਰੋੜ ਰੁਪਏ ਦੀ ਛੋਟ ਦਿੱਤੀ ਗਈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਸਕੀਮ ਮੁਲਾਂਕਣ ਸਾਲ 2016-17 ਤੱਕ 1 ਕਰੋੜ ਰੁਪਏ ਤੱਕ ਬਕਾਇਆ ਦੇ ਕੇਸਾਂ ਨੂੰ ਵਿਚਾਰਿਆ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਡੀਲਰਾਂ ਨੇ ਓਟੀਐਸ-3 ਅਧੀਨ ਅਪਲਾਈ ਕੀਤਾ, ਉਨ੍ਹਾਂ ਸੀ.ਐਸ.ਟੀ ਐਕਟ, 1956 ਦੇ ਤਹਿਤ ਅਸਲ ਕਾਨੂੰਨੀ ਫਾਰਮ ਜਮ੍ਹਾਂ ਕਰਵਾਏ ਸਨ ਅਤੇ ਮੁਆਫੀ ਦੀ ਗਣਨਾ ਉਸੇ ਅਨੁਸਾਰ ਕੀਤੀ ਗਈ। ਇਸ ਤੋਂ ਇਲਾਵਾ, ਬਿਨੈਕਾਰਾਂ ਨੂੰ ਵਾਧੂ ਕਾਨੂੰਨੀ ਘੋਸ਼ਣਾ ਫਾਰਮ ਜਮ੍ਹਾ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਸੀ, ਜਿਸ ਨਾਲ ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਲੈਣ ਵਿੱਚ ਆਸਾਨੀ ਹੋਈ।