ਗੱਲ 2006 ਸੰਨ ਦੀ ਹੈ । ਮੱਧ ਪ੍ਰਦੇਸ਼ ਵਿੱਚ ਉੱਪ ਚੋਣਾਂ ਸਮੇਂ ਇੱਥੋਂ ਦੇ ਇੱਕ ਘੋੜਾ ਡੋਂਗਰੀ ਨਾਮਕ ਕਸਬੇ ‘ਚ ਕਿਸੇ ਵਿਅਕਤੀ ਨੇ ਸਥਾਨਕ ਪੁਲੀਸ ਥਾਣੇ ਜਾ ਕੇ ਪੁਲੀਸ ਪਾਸ ਸ਼ਿਕਾਇਤ ਦਰਜ ਕਰਵਾਈ ਕਿ ਘੋੜਾ ਡੋਂਗਰੀ ਇਲਾਕੇ ਵਿੱਚ ਇੱਕ ਓਪਰਾ ਬੰਦਾ ਫਿਰ ਰਿਹਾ ਹੈ ਜੋ ਦੇਖਣ ਨੂੰ ਕੋਈ ਭਿਖਾਰੀ ਜਾਂ ਪਾਗਲ ਲੱਗਦਾ ਹੈ । ਉਸ ਵਿਅਕਤੀ ਦੀ ਰਿਪੋਰਟ ‘ਤੇ ਪੁਲੀਸ ਇੱਕਦਮ ਹਰਕਤ ਵਿੱਚ ਆ ਗਈ ਅਤੇ ਉਸ ਵਿਅਕਤੀ ਨੂੰ ਲੱਭ ਕੇ ਪੁਲੀਸ ਥਾਣੇ ਲੈ ਆਈ । ਪੁਲੀਸ ਅਧਿਕਾਰੀ ਉਸ ਵਿਅਕਤੀ ਤੋਂ ਪੁੱਛਗਿੱਛ ਕਰਨ ਪਿੱਛੋਂ ਚਕਰਾ ਗਏ । ਉਸ ਵਿਅਕਤੀ ਨੇ ਪੁਛਗਿੱਛ ਸਮੇਂ ਦੱਸਿਆ ਕਿ ਉਸਦਾ ਨਾਂ ਆਲੋਕ ਸਾਗਰ ਹੈ । ਪੁਲੀਸ ਨੇ ਥਾਣੇ ਲਿਆਂਦੇ ਆਲੋਕ ਸਾਗਰ ਵਾਰੇ ਜਾਣਕਾਰੀ ਦਿੰਦੇ ਹੋਏ ਹੈਰਾਨੀ ਪ੍ਰਗਟ ਕੀਤੀ ਕਿ ਜੋ ਵਿਅਕਤੀ ਉਹਨਾਂ ਨੇ ਇੱਕ ਭਿਖਾਰੀ ਜਾਂ ਪਾਗਲ ਸਮਝਕੇ ਥਾਣੇ ਪੁੱਛਗਿੱਛ ਲਈ ਥਾਣੇ ਲਿਆਂਦਾ ਹੈ ਉਹ ਕੋਈ ਸਾਧਾਰਨ ਆਮ ਵਿਅਕਤੀ ਨਹੀਂ, ਸਗੋਂ ਹਿਊਸਟਨ ਯੂਨੀਵਰਸਟੀ ਅਮਰੀਕਾ ਤੋਂ ਪੀ. ਐੱਚ. ਡੀ. ਸੀ । ਇੱਥੇ ਹੀ ਬਸ ਨਹੀਂ ਆਲੋਕ ਸਾਗਰ ਕਨੇਡਾ ਦੀ ਡਲਹੌਜੀ ਯੂਨੀਵਰਸਟੀ ਤੋਂ ਫੈਲੋਸ਼ਿਪ ਪ੍ਰਾਪਤ ਸੀ । ਇਹ ਵਿਅਕਤੀ ਦਿੱਲੀ ਯੂਨੀਵਰਸਟੀ ਤੋਂ ਇਲੈਕਟ੍ਰਾਨਿਕਸ ਇੰਜੀਨੀਅਰ, ਦਿੱਲੀ ਆਈ ਆਈ ਟੀ ਤੋਂ ਬੀ. ਟੈੱਕ ਕਰਨ ਪਿੱਛੋਂ ਐੱਮ. ਟੈੱਕ ਕਰਕੇ ਅਮਰੀਕਾ ਵਿੱਚ ਦੋ ਸਾਲ ਪੜ੍ਹਾਉਂਦਾ ਰਿਹਾ ਹੈ ।
ਆਲੋਕ ਸਾਗਰ 1980 ਵਿੱਚ ਅਮਰੀਕਾ ਤੋਂ ਵਾਪਸ ਦਿੱਲੀ ਆ ਕੇ ਆਈ ਆਈ ਟੀ ਵਿੱਚ ਪ੍ਰੋਫੈਸਰ ਲੱਗ ਗਿਆ । ਜਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਸ਼੍ਰੀ ਰਘੂਰਾਮ ਰਾਜਨ ਵੀ ਆਲੋਕ ਸਾਗਰ ਦੇ ਵਿਦਿਆਰਥੀ ਰਹਿ ਚੁੱਕੇ ਹਨ । ਆਲੋਕ ਸਾਗਰ ਨੂੰ ਇਸ ਹਾਲਤ ਵਿੱਚ ਮੱਧ-ਭਾਰਤ ਦੇ ਆਦਿ ਵਾਸੀਆਂ ਦੀ ਅਤੀ ਤਰਸਯੋਗ ਹਾਲਤ ਨੇ ਲੈ ਆਂਦਾ । ਸੰਨ 1982-83 ਵਿੱਚ ਆਲੋਕ ਸਾਗਰ ਨੇ ਮੱਧ ਭਾਰਤ ਦੇ ਆਦਿਵਾਸੀਆਂ ਦੇ ਮਾੜੇ ਜੀਵਨ ਹਾਲਾਤਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਸੁੱਖਾਂ ਭਰੇ ਜੀਵਨ ਦਾ ਸਦਾ ਲਈ ਤਿਆਗ ਕਰ ਦਿੱਤਾ । ਜਿਕਰਯੋਗ ਹੈ ਕਿ ਆਲੋਕ ਸਾਗਰ ਪਿਛਲੇ 35-36 ਵਰ੍ਹਿਆਂ ਤੋਂ ਆਦਿ ਵਾਸੀਆਂ ਵਿੱਚ ਰਹਿ ਕੇ ਉਹਨਾਂ ਦੇ ਤਕਰੀਬਨ ਇੱਕ ਲੱਖ ਤੋਂ ਵੱਧ ਬੱਚਿਆਂ ਨੂੰ ਪੜ੍ਹਾ ਲਿਖਾਕੇ ਚੰਗੇ ਇਨਸਾਨ ਬਣਾ ਚੁੱਕਾ ਹੈ । ਇੱਥੇ ਹੀ ਬਸ ਨਹੀਂ, ਉਸਨੇ ਹੁਣ ਤੱਕ ਆਦਿ ਵਾਸੀਆਂ ਲਈ ਜੰਗਲਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਚੀਕੂ, ਕਿੰਨੂ, ਅਮਰੂਦ, ਸੰਤਰਾ, ਕਟਹਲ, ਅੰਬ, ਜਾਮਣ ਅਤੇ ਚਕੋਤਰਾ ਆਦਿ ਦੇ ਲੱਖਾਂ ਬੂਟੇ ਲਗਾਏ ਤਾਂ ਕਿ ਉਹ ਜੰਗਲ ਵਿੱਚ ਆਪਣਾ ਪੇਟ ਭਰਕੇ ਆਪਣੀ ਭੁੱਖ ਮਿਟਾ ਸਕਣ ।
ਆਲੋਕ ਸਾਗਰ ਹੁਣ ਮੱਧ ਪ੍ਰਦੇਸ਼ ਦੇ ਬਾਤੂਲ ਜਿਲ੍ਹੇ ਦੇ ਪਿੰਡ ਕਚਾਮੂ ਵਿੱਚ ਇੱਕ ਝੁੱਗੀ ਵਿੱਚ ਪਿੰਡ ਵਾਸੀਆਂ ਦੇ ਨਾਲ ਰਹਿਕੇ ਹੀ ਆਪਣਾ ਜੀਵਨ ਬਤੀਤ ਕਰ ਰਹੇ ਹਨ । ਇਸ ਮਹਾਨ ਸਖਸ਼ੀਅਤ ਦੇ ਦਿਲ ਵਿੱਚ ਆਦਿ ਵਾਸੀਆਂ ਲਈ ਆਪਣਾ ਜੀਵਨ ਲੇਖੇ ਲਗਾ ਦੇਣ ਦੀ ਭਾਵਨਾ ਕੁੱਟ ਕੁੱਟ ਕੇ ਭਰੀ ਹੋਈ ਹੈ । ਆਲੋਕ ਸਾਗਰ ਜਿਹੀ ਮਹਾਨ ਸਖਸ਼ੀਅਤ ਨੂੰ ਦਿਲੋਂ ਪ੍ਰਣਾਮ ਕਰਨੀ ਬਣਦੀ ਹੈ ।