ਬੀਤੇ 24 ਘੰਟੇ ਦੌਰਾਨ ਉੱਤਰ ਪ੍ਰਦੇਸ਼ ਵਿੱਚ ਕਰੋਨਾ ਦਾ ਰਿਕਾਰਡਤੋੜ ਵਾਧਾ ਹੋਇਆ ਹੈ ਅਤੇ 5,9,28 ਨਵੇਂ ਮਰੀਜ਼ ਸਾਹਮਣੇ ਆਉਣ ਦੇ ਨਾਲ-ਨਾਲ 30 ਕਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਪ੍ਰਦੇਸ਼ ਵਿੱਚ ਕਰੋਨਾ ਦੇ ਵਧਦੇ ਕਹਿਰ ਤੋਂ ਜਿੱਥੇ ਆਮ ਲੋਕ ਕਰੋਨਾ ਗ੍ਰਸਤ ਹੋ ਰਹੇ ਹਨ, ਉੱਥੇ ਸਿਹਤ ਕਰਮੀ ਵੀ ਇਸ ਮਹਾਂਮਾਰੀ ਦੀ ਗ੍ਰਿਫਤਚ ਲਗਾਤਾਰ ਆ ਰਹੇ ਹਨ । ਅਜਿਹਾ ਹੀ ਮਾਮਲਾ ਬੀਤੇ ਮੰਗਲਵਾਰ ਲਖਨਊ ਦੀ ਕਿੰਗ ਜਾਰਜ ਯੂਨੀਵਰਸਿਟੀ ਵਿੱਚ ਸਾਹਮਣੇ ਆਇਆ, ਜਿਸ ਪਿੱਛੋਂ ਪੂਰੇ ਪ੍ਰਦੇਸ਼ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਪੁਰੀ ਅਤੇ ਮੈਡੀਕਲ ਸੁਪਰਡੈਂਟ ਡਾਕਟਰ ਹਿਮਾਂਸ਼ੂ ਸਮੇਤ ਸਟਾਫ ਦੇ ਕੁੱਲ 40 ਡਾਕਟਰਾਂ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ । ਮਿਲੀ ਜਾਣਕਾਰੀ ਅਨੁਸਾਰ ਸੰਸਥਾਨ ਦੇ ਸਰਜਰੀ ਵਿਭਾਗ ਦੇ 20 ਡਾਕਟਰਾਂ ਤੋਂ ਇਲਾਵਾ 9 ਹੋਰ ਵੀ ਡਾਕਟਰ ਕਰੋਨਾ ਪਾਜ਼ੇਟਿਵ ਪਾਏ ਗਏ ਹਨ । ਇਸ ਤੋਂ ਇਲਾਵਾ ਕ੍ਰਿਟੀਕਲ ਕੇਅਰ ਮੈਡੀਸਨ ਵਿਭਾਗ ਦੇ ਵੀ 3 ਡਾਕਟਰ ਕਰੋਨਾ ਤੋਂ ਪੀੜਤ ਪਾਏ ਗਏ ਹਨ । ਜਿਕਰਯੋਗ ਹੈ ਕਿ ਸਿਹਤ ਕਰਮੀਆਂ ਨੂੰ ਪਹਿਲ ਦੇ ਅਧਾਰ ‘ਤੇ ਕੀਤੇ ਟੀਕਾਕਰਨ ਤਹਿਤ ਉਪਰੋਕਤ ਸੰਸਥਾਨ ਦੇ ਕਰੋਨਾ ਪੀੜਤ ਪਾਏ ਸਾਰੇ ਡਾਕਟਰਾਂ ਨੂੰ ਕਰੋਨਾ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ਼ ਦਿੱਤੇ ਜਾਣ ਦੇ ਬਾਵਜੂਦ ਵੀ ਮੁੜ ਕਰੋਨਾ ਪਾਜ਼ੇਟਿਵ ਪਾਇਆ ਜਾਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ।