ਪਨਕੀ (ਫਿਲੀਪਾਇਨ), 11 ਮਾਰਚ : ਫਿਲੀਪਾਇਨ ਦੇ ਸ਼ਹਿਰ ਪਨਕੀ ਵਿਚ ਏਕਓਕਾਂਰ ਇੰਡੀਅਨ ਨਿਰਮਲ ਟੈਂਪਲ ਦੀ ਪ੍ਰਬੰਧੀ ਕਮੇਟੀ ਦੇ ਸਹਿਯੋਗ ਨਾਲ ਵਾਲੀਬਾਲ ਦੇ ਕਰਵਾਏ ਗਏ ਮੁਕਾਬਲਿਆਂ ਵਿਚ 12 ਟੀਮਾਂ ਨੇ ਹਿੱਸਾ ਲਿਆ। ਵਾਲੀਬਾਲ ਸਮੇਤ ਹੋਰ ਖੇਡਾਂ ਦੇ ਮੁਕਾਬਲਿਆਂ ਵਿਚ ਪ੍ਰਵਾਸੀ ਪੰਜਾਬੀ ਪਿਛਲੇ 10 ਸਾਲਾਂ ਤੋਂ ਹਿੱਸਾ ਲੈਂਦੇ ਆ ਰਹੇ ਹਨ। ਖੇਡ ਮੇਲੇ ਵਿਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਹਨਾਂ ਮੁਕਾਬਲਿਆ ਵਿਚ ਸਨ, ਫਰਨੰਦੋ ਸਿਟੀ ਦੀ ਟੀਮ ਪਹਿਲੇ ਸਥਾਨ ਤੇ ਰਹੀ ਜਦਕਿ ਦੂਜੇ ਸਥਾਨ ਤੇ ਪਨਕੀ ਤਰਲਕ ਦੀ ਟੀਮ ਰਹੀ ਇਸੇ ਤਰ੍ਹਾਂ ਤੀਜਾ ਸਥਾਨ ਬਮਬੰਗ ਨਿਊਵਾ ਵਿਸਕਾਇਆ ਨੇ ਹਾਸਿਲ ਕੀਤਾ। ਵਾਲੀਬਾਲ ਦੇ ਇਹਨਾਂ ਮੁਕਾਬਲਿਆਂ ਵਿਚ ਡੱਗੂਪਾਨ ਸਿਟੀ, ਉਰਦਾਨੇਤਾ ਸਿਟੀ (ਏ), ਉਰਦਾਨੇਤਾ ਸਿਟੀ (ਬੀ), ਕਬਨਾਤੂਆਨ ਸਿਟੀ, ਸੰਤੋ ਤਮਾਸ ਸਿਟੀ, ਇੰਗਲਿਸ਼ ਸਿਟੀ ਅਤੇ ਮਨਕਾਨੰਦਾ ਤਰਲਕ ਦੀਆਂ ਸ਼ਾਮਿਲ ਸਨ। ਫਿਲੀਪਾਇਨ ਦੇ ਵੱਖ ਵੱਖ ਸ਼ਹਿਰਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਇਸ ਟੂਰਨਾਮੈਂਟ ਵਿਚ ਸ਼ਾਮੂਲੀਅਤ ਕੀਤੀ ਜਿੰਨਾਂ ਵਿਚ ਅਨਾਓ ਸਿਟੀ ਦੇ ਮੇਅਰ ਜੀਅਨ ਪੀਏਰੇ ਓ ਦੀ ਦੀਓਸ, ਡਿਪਟੀ ਪਰਵਿਨਸ਼ੀਅਲ ਆਫਿਸ ਪੁਲੀਸ ਲੈਫਟੀਨੈਂਟ ਕਰਨਲ ਫਿਿਲਪ ਫਲੋਰੈਸ ਅਨਤਗ, ਮੇਜਰ ਰੈਂਡੀ ਨੀਗੋਸ ਅਤੇ ਸਰਪੰਚ ਜੇਗੋ ਦੀਲੋਸ ਸਨਤੋਸ ਹੋਰ ਅਧਿਕਾਰੀ ਤੇ ਫੌਜ ਦੇ ਜਵਾਨ ਹਾਜ਼ਰ ਸਨ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਇਆ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹੋ ਜਿਹੇ ਸਮਾਗਮਾਂ ਦਾ ਆਯੋਜਨ ਕਰਨ ਨਾਲ ਪਰਵਾਸੀ ਪੰਜਾਬੀਆਂ ਅਤੇ ਫਿਲੀਪਾਈਨ ਦੇ ਸਥਾਨਕ ਲੋਕਾਂ ਵਿਚ ਆਪਸੀ ਸਾਂਝ ਵੱਧੀ ਹੈ। ਨਿਰਮਲ ਸਿੱਖ ਟੈਂਪਲ ਪਨਕੀ ਦੇ ਸੇਵਾਦਾਰਾਂ ਨੇ ਜਾਣਕਾਰੀ ਦਿੱਤੀ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਪ੍ਰੇਰਨਾਂ ਨਾਲ ਹਰ ਸਾਲ ਮਨੀਲਾ ਵਿੱਚ ਵਸਦੇ ਪੰਜਾਬੀਆਂ ਵੱਲੋਂ ਖੂਨਦਾਨ ਕੈਂਪ, ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਹੜ੍ਹਾਂ ਦੌਰਾਨ ਲੋੜਵੰਦਾ ਦੀ ਸਹਾਇਤਾ ਅਤੇ ਕਰੋਨਾ ਮਹਾਮਾਰੀ ਦੌਰਾਨ ਵੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਣ ਵੰਡਿਆ ਗਿਆ ਸੀ। ਇਨ੍ਹਾਂ ਪਰਉਪਕਾਰੀ ਕਾਰਜਾਂ ਕਾਰਨ ਮਨੀਲਾਂ ਵਾਸੀਆਂ ਵਿੱਚ ਸਿੱਖ ਧਰਮ ਪ੍ਰਤੀ ਆਸਥਾ ਬਹੁਤ ਵੱਧ ਰਹੀ ਹੈ। ਸੇਵਾ ਦੇ ਕਾਰਜਾਂ ਕਰਕੇ ਸਥਾਨਕ ਲੋਕਾਂ ਨਾਲ ਵਧੇ ਮੇਲਜੋਲ ਸਦਕਾ ਉੱਥੇ ਹੋ ਰਹੇ ਅਪਰਾਧਾਂ ਵਿਚ ਭਾਰੀ ਕਮੀ ਵੀ ਕਈ ਆਈ। ਸੰਤ ਸੀਚੇਵਾਲ ਜੀ ਵੱਲੋਂ ਮਨੀਲਾ ਵਿਖੇ ਸਥਾਪਿਤ ਕੀਤਾ ਧਾਰਮਿਕ ਅਸਥਾਨ ਜਿਥੇ ਲੋੜਵੰਦ ਲੋਕਾਂ ਨੂੰ ਹਰ ਤਰਾਂ ਦੀ ਮੱਦਦ ਮੁਹੱਈਆਂ ਕਰਵਾ ਰਿਹਾ ਹੈ। ਉਹਨਾਂ ਦੱਸਿਆ ਕਿ ਸੰਤ ਸੀਚੇਵਾਲ ਵੱਲੋਂ ਭਾਰਤੀ ਰਾਜਦੂਤ ਕੋਲ ਪ੍ਰਵਾਸੀ ਪੰਜਾਬੀਆਂ ਦੇ ਉਠਾਏ ਮੁੱਦਿਆਂ ਨਾਲ ਪ੍ਰਵਾਸੀ ਪੰਜਾਬੀਆਂ ਦੇ ਬਹੁਤ ਮਸਲੇ ਹੱਲ ਹੋਏ ਹਨ।