ਸ੍ਰੀ ਅਨੰਦਪੁਰ ਸਾਹਿਬ, 8 ਮਾਰਚ : ਸ੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ ‘ਤੇ ਜ਼ਿਲ੍ਹਾ ਕਪੂਰਥਲਾ ਦੇ ਦੋ ਨੌਜਵਾਨ ਦਰਿਆ ਵਿੱਚ ਡੁੱਬ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਗੋਤਾਖੋਰਾਂ ਦੀ ਮਦਦ ਨਾਲ ਬਰਾਮਦ ਕਰ ਲਈ ਗਈ ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨ ਸਿੰਘ ਪੁੱਤਰ ਆਲਮ ਸਿੰਘ ਵਾਸੀ ਕੈਂਪਪੁਰਾ ਕਪੂਰਥਲਾ ਅਤੇ ਬੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਇਬਨ ਜ਼ਿਲ੍ਹਾ ਕਪੂਰਥਲਾ ਹੋਲਾ ਮਹੱਲਾ ਆਨੰਦਪੁਰ ਸਾਹਿਬ ਗਏ ਹੋਏ ਸਨ। ਇਸ ਸੰਬੰਧੀ ਉਨ੍ਹਾਂ ਦੇ ਇਕ ਦੋਸਤ ਕੰਵਰ ਸਿੰਘ ਨੇ ਫੋਨ ‘ਤੇ ਦੱਸਿਆ ਕਿ ਦੇਰ ਰਾਤ ਬਾਥਰੂਮ ਜਾਣ ਤੋਂ ਬਾਅਦ ਦੋਵੇਂ ਨੌਜਵਾਨ ਹੱਥ ਧੋਣ ਲੱਗੇ ਤਾਂ ਅਚਾਨਕ ਸਿਮਰਨ ਸਿੰਘ ਦਰਿਆ ਵਿੱਚ ਫਿਸਲ ਗਿਆ ਅਤੇ ਉਹ ਦਰਿਆ ‘ਚ ਡਿੱਗ ਗਿਆ, ਇਸ ਦੌਰਾਨ ਉਸਦਾ ਸਾਥੀ ਬੀਰ ਸਿੰਘ ਬਚਾਉਣ ਲਈ ਗਿਆ ਤਾਂ ਉਹ ਵੀ ਦਰਿਆ ਵਿਚ ਡੁੱਬ ਗਿਆ। ਇਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ, ਜਿਨ੍ਹਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਸਿਮਰਨ ਸਿੰਘ ਦੀ ਲਾਸ਼ ਨੂੰ ਦਰਿਆ ‘ਚੋਂ ਬਾਹਰ ਕੱਢਿਆ, ਜਦਕਿ ਬੀਰ ਸਿੰਘ ਦੀ ਭਾਲ ਜਾਰੀ ਹੈ। ਇਸ ਦਰਦਨਾਕ ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਰਹੇ ਹਨ। ਇਸ ਘਟਨਾ ਨੂੰ ਲੈ ਕੇ ਨੌਜਵਾਨਾਂ ਦੇ ਪਿੰਡ ‘ਚ ਸੋਗ ਦੀ ਲਹਿਰ ਹੈ।