ਕਪੂਰਥਲਾ, 03 ਮਾਰਚ : ਕਪੂਰਥਲਾ ਵਿੱਚ ਜਲੰਧਰ ਰੋਡ ਉੱਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਥੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇੜੇ ਸੜਕ ’ਤੇ ਖੜ੍ਹੇ ਟਰੱਕ ਨਾਲ ਸਕਰਾਪੀਓ ਗੱਡੀ ਦੀ ਟੱਕਰ ਹੋਣ ਤੋਂ ਬਾਅਦ 1 ਪੁਲਿਸ ਮੁਲਾਜ਼ਮ ਸਮੇਤ 2 ਨੌਜਵਾਨਾਂ ਦੀ ਮੌਤ ਹੋ ਗਈ ਜਦੋਂ ਕਿ 3 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ, ਨੌਜਵਾਨ ਕਰਨਾਲ ਤੋਂ ਵਿਆਹ ਸਮਾਗਮ ਦੇਖਕੇ ਵਾਪਸ ਆ ਰਹੇ ਸੀ ਤਾਂ ਸੜਕ ਉੱਤੇ ਖੜ੍ਹੇ ਟਰੱਕ ਨਾਲ ਟੱਕਰ ਹੋਣ ਤੋਂ ਬਾਅਦ ਇਹ ਹਾਦਸਾ ਹੋ ਗਿਆ। ਜਾਣਕਾਰੀ ਮੁਤਾਬਕ, ਦਿਲਪ੍ਰੀਤ ਸਿੰਘ, ਮਨਜਿੰਦਰ ਸਿੰਘ, ਸੁਭਾਸ਼, ਤਰਨਪ੍ਰੀਤ ਸਿੰਘ ਤੇ ਬਰਜਿੰਦਰ ਸਿੰਘ ਕਰਨਾਲ ਤੋਂ ਵਿਆਹ ਦੇਖਕੇ ਵਾਪਸ ਆ ਰਹੇ ਸਨ।. ਜਦੋਂ ਇਹ ਪੀਟੀਯੂ ਤੋਂ ਅੱਗੇ ਲੰਘੇ ਤਾਂ ਡਰਾਇਵਰ ਨੂੰ ਨੀਂਦ ਆ ਗਈ ਤੇ ਇਸ ਦੌਰਾਨ ਗੱਡੀ ਟਰੱਕ ਵਿੱਚ ਜਾ ਵੱਜੀ ਜਿਸ ਕਾਰਨ ਇਹ ਹਾਦਸਾ ਹੋਇਆ ਹੈ।ਇਹ ਵੀ ਸਾਹਮਣੇ ਆਇਆ ਹੈ ਕਿ ਟਰੱਕ ਦਾ ਤੇਲ ਖ਼ਤਮ ਹੋਣ ਤੋਂ ਬਾਅਦ ਉਸ ਦਾ ਡਰਾਇਵਰ ਨੂੰ ਸਾਇਡ ਉੱਤੇ ਖੜ੍ਹਾ ਕਰਕੇ ਕਿਤੇ ਚਲਾ ਗਿਆ ਸੀ। ਇਸ ਦਰਦਨਾਕ ਹਾਦਸੇ ਵਿੱਚ ਦਿਲਪ੍ਰੀਤ ਸਿੰਘ, ਮਨਜਿੰਦਰ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮਨਜਿੰਦਰ ਦੀ ਪਛਾਣ ਪੁਲਿਸ ਮੁਲਾਜ਼ਮ ਵਜੋਂ ਹੋਈ ਹੈ ਜੋ IRB ਕੈਂਪ ਜੇਲ੍ਹ ਵਿੱਚ ਤੈਨਾਤ ਸੀ। ਇਸ ਤੋਂ ਇਲਾਵਾ ਸੁਭਾਸ਼, ਤਰਨਪ੍ਰੀਤ ਸਿੰਘ ਤੇ ਬਰਜਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਤਰਨਪ੍ਰੀਤ ਸਿੰਘ ਮ੍ਰਿਤਕ ਮਨਜਿੰਦਰ ਸਿੰਘ ਦਾ ਭਰਾ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ 'ਚ ਰਖਵਾਇਆ। ਜਦਕਿ ਤਿੰਨ ਜ਼ਖਮੀ ਜਲੰਧਰ ਦੇ ਇੱਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਹਨ।