ਚੰਡੀਗੜ੍ਹ, 11 ਜਨਵਰੀ : ਅੱਜ ਪੀਸੀਐਸ ਅਫ਼ਸਰਾਂ ਨੇ ਹਫ਼ਤੇ ਦੀ ਛੁਟੀ ਲੈ ਕੇ ਹੜਤਾਲ ਸ਼ੁਰੂ ਕੀਤੀ ਸੀ। ਪਰ ਇਸ ਮਗਰੋਂ ਸੀਐਮ ਮਾਨ ਨੇ ਵੀ ਐਲਾਨ ਜਾਰੀ ਕਰ ਦਿੱਤਾ ਸੀ ਕਿ ਜੇ 2 ਵਜੇ ਤਕ ਅਫ਼ਸਰ ਹੜਤਾਲ ਖ਼ਤਮ ਕਰ ਕੇ ਵਾਪਸ ਨਾ ਆਏ ਤਾਂ ਸਸਪੈਂਡ ਕੀਤਾ ਜਾਵੇਗਾ। ਇਸ ਮਗਰੋਂ ਪੀਸੀਐਸ ਅਫ਼ਸਰਾਂ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਹੈ। ਪੰਜਾਬ ਦੇ ਲੁਧਿਆਣਾ ਸਥਿਤ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦੀ ਵਿਜੀਲੈਂਸ ਵੱਲੋਂ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਸ਼ੁਰੂ ਹੋਈ ਪੰਜਾਬ ਦੇ ਪੀਸੀਐਸ ਅਫ਼ਸਰਾਂ ਦੀ ਹੜਤਾਲ ਦੁਪਹਿਰ 2 ਵਜੇ ਤੋਂ ਬਾਅਦ ਖ਼ਤਮ ਹੋ ਗਈ। ਸਾਰੇ ਜਲਦੀ ਹੀ ਡਿਊਟੀ ਜੁਆਇਨ ਕਰਨਗੇ ਪਰ ਅੱਧੇ ਅਧਿਕਾਰੀ ਤਾਂ ਉਸੇ ਸਮੇਂ ਹੀ ਡਿਊਟੀ 'ਤੇ ਪਰਤ ਆਏ ਸਨ। ਪੀਸੀਐਸ ਅਧਿਕਾਰੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਮੁੱਖ ਸਕੱਤਰ ਵੇਣੂ ਪ੍ਰਸਾਦ ਵਿਚਕਾਰ ਮੀਟਿੰਗ ਹੋਈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਦੁਪਹਿਰ 2 ਵਜੇ ਤੱਕ ਡਿਊਟੀ ਜੁਆਇਨ ਕਰਨ ਦਾ ਅਲਟੀਮੇਟਮ ਦਿੱਤਾ ਸੀ, ਜੋ ਕਿ ਖ਼ਤਮ ਹੋ ਗਿਆ। ਵੇਣੂ ਪ੍ਰਸਾਦ ਨੇ ਸਪੱਸ਼ਟ ਕੀਤਾ ਕਿ ਸਰਕਾਰ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਸਖ਼ਤ ਹੈ। ਪੀ.ਸੀ.ਐਸ.ਅਧਿਕਾਰੀ ਵੀ ਇਸ ਨੂੰ ਮੰਨਦੇ ਹਨ ਅਤੇ ਉਨ੍ਹਾਂ ਨੇ ਜਲਦੀ ਹੀ ਡਿਊਟੀ ਜੁਆਇਨ ਕਰਨ ਦੀ ਗੱਲ ਕਹੀ ਹੈ। PCS ਐਸੋਸੀਏਸ਼ਨ ਦੇ ਮੁਖੀ ਰਾਹਤ ਓਬਰਾਏ ਦਾ ਕਹਿਣਾ ਹੈ ਕਿ ਅਸੀਂ ਹੜਤਾਲ ’ਤੇ ਨਹੀਂ ਸੀ, ਸਿਰਫ਼ ਜਨਤਕ ਛੁੱਟੀ ’ਤੇ ਸੀ। ਕੁਝ ਪੁਰਾਣੀਆਂ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਸਨ। ਜਿਸ ਨੂੰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਅੱਗੇ ਰੱਖਿਆ ਗਿਆ। ਸਰਕਾਰ ਵੱਲੋਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਮਿਲਣ ਤੋਂ ਬਾਅਦ ਸਾਰੇ ਅੱਜ ਤੋਂ ਹੀ ਡਿਊਟੀ ਜੁਆਇਨ ਕਰ ਰਹੇ ਹਨ। ਦਰਅਸਲ ਸੀਐਮ ਭਗਵੰਤ ਮਾਨ ਨੇ ਅੱਜ ਸਵੇਰੇ ਇੱਕ ਹੁਕਮ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਅਧਿਕਾਰੀ ਡਿਊਟੀ ਜੁਆਇਨ ਨਹੀਂ ਕਰ ਰਹੇ ਹਨ ਅਤੇ ਹੜਤਾਲ ’ਤੇ ਹਨ। ਉਹ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਤੋਂ ਨਾਰਾਜ਼ ਹਨ। ਉਹਨਾਂ ਕਿਹਾ ਕਿ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸਰਕਾਰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ‘ਜ਼ੀਰੋ ਟਾਲਰੈਂਸ’ ਦੀ ਨੀਤੀ ਅਪਣਾ ਰਹੀ ਹੈ। ਸੀਐਮ ਭਗਵੰਤ ਮਾਨ ਨੇ ਆਪਣੇ ਆਦੇਸ਼ ਵਿਚ ਇਸ ਹੜਤਾਲ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ। ਉਨ੍ਹਾਂ ਹੁਕਮਾਂ ਵਿਚ ਸਪੱਸ਼ਟ ਲਿਖਿਆ ਕਿ ਜੋ ਵੀ ਅਧਿਕਾਰੀ ਅੱਜ ਦੁਪਹਿਰ 2 ਵਜੇ ਤੱਕ ਆਪਣੀ ਡਿਊਟੀ ਜੁਆਇਨ ਨਹੀਂ ਕਰੇਗਾ, ਉਸ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਜੋ ਦੁਪਹਿਰ 2 ਵਜੇ ਤੱਕ ਡਿਊਟੀ ਜੁਆਇਨ ਨਹੀਂ ਕਰੇਗਾ, ਉਸ ਦੀ ਗੈਰ-ਹਾਜ਼ਰੀ ਨੂੰ ਗੈਰ-ਜ਼ਿੰਮੇਵਾਰ ਮੰਨਿਆ ਜਾਵੇਗਾ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਸਕੱਤਰ ਵਿਜੇ ਜੰਜੂਆ ਨੇ ਵੀ ਪੱਤਰ ਕੱਢ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਹੜਤਾਲ 'ਤੇ ਗਏ ਅਧਿਕਾਰੀ ਦੁਪਹਿਰ 2 ਵਜੇ ਤੱਕ ਵਾਪਸ ਨਹੀਂ ਆਉਂਦੇ ਤਾਂ ਇਹ ਸਮਾਂ ਬ੍ਰੇਕ ਆਫ਼ ਸਰਵਿਸ ਮੰਨਿਆ ਜਾਵੇਗਾ।