ਗੁਰਦਾਸਪੁਰ, 30 ਅਕਤੂਬਰ 2024 : ਗੁਰਦਾਸਪੁਰ ਦੇ ਥਾਣਾ ਬਹਿਰਾਮਪੁਰ ਦੇ ਤਹਿਤ ਪੈਂਦੇ ਪਿੰਡ ਰਾਏਪੁਰ ਦੇ ਬਾਂਠਾਂ ਵਾਲੇ ਮੋੜ ਉੱਤੇ ਸਵੇਰੇ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਜਦੋਂ ਇੱਕ ਤੇਜ਼ ਰਫਤਾਰ ਕਰੇਟਾ ਗੱਡੀ ਬਸ ਸਟਾਪ ਉੱਤੇ ਖੜ੍ਹੀਆਂ ਤਿੰਨ ਔਰਤਾਂ ਤੇ ਬੱਚੀ ਨੂੰ ਕੁਚਲਦੀ ਹੋਈ ਥੋੜੀ ਅੱਗੇ ਜਾ ਕੇ ਇੱਕ ਦੁਕਾਨ ਵਿੱਚ ਵੱਜੀ। ਹਾਦਸੇ ਵਿੱਚ ਦੋ ਔਰਤਾਂ ਦੀ ਮੌਕੇ ਉੱਤੇ ਮੌਤ ਹੋ ਗਈ, ਜਦਕਿ ਬੱਚੀ ਅਤੇ ਇੱਕ ਹੋਰ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਹਨ, ਜਿਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੁਧਾ ਸ਼ਰਮਾ ਵਾਸੀ ਈਸਾਪੁਰ ਜੋ ਇੱਕ ਪ੍ਰਾਈਵੇਟ ਸਕੂਲ ਵਿੱਚ ਟੀਚਰ ਹੈ ਤੇ ਆਪਣੇ ਸਕੂਟਰੀ ਉੱਤੇ ਸਕੂਲ ਜਾ ਰਹੀ ਸੀ ਕਿ ਸੜਕ ਪਾਰ ਕਰਨ ਲਈ ਬਸ ਸਟਾਪ ਨੇੜੇ ਖੜ੍ਹੀ ਸੀ ਤੇ ਉਸ ਦੇ ਨਾਲ ਹੀ ਬਸ ਸਟਾਪ ਉੱਤੇ ਕ੍ਰਿਸ਼ਨਾ ਕੁਮਾਰੀ ਵਾਸੀ ਈਸਾਪੁਰ ਆਪਣੀ ਛੋਟੀ ਪੋਤਰੀ ਨਾਲ ਖੜ੍ਹੀ ਸੀ ਅਤੇ ਇੱਕ ਹੋਰ ਔਰਤ ਵੀ ਉਥੇ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਦੂਜੇ ਪਾਸੇ ਇੱਕ ਤੇਜ਼ ਰਫਤਾਰ ਕਰੇਟਾ ਕਾਰ ਆਈ ਅਤੇ ਤਿੰਨੇ ਔਰਤਾਂ ਨੂੰ ਕੁਚਲਦੀ ਹੋਈ ਦੁਕਾਨ ਵਿਚ ਜਾ ਵੱਜੀ। ਜਿਸ ਕਾਰਨ ਸੁਧਾ ਸ਼ਰਮਾ ਅਤੇ ਕ੍ਰਿਸ਼ਨਾ ਕੁਮਾਰੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਥਾਣਾ ਮੁਖੀ ਬਹਿਰਾਮਪੁਰ ਓਮਕਾਰ ਸਿੰਘ ਨੇ ਦੱਸਿਆ ਕਿ ਦੀਨਾਨਗਰ ਵੱਲੋਂ ਇੱਕ ਕਾਲੇ ਰੰਗ ਦੀ ਕ੍ਰੇਟਾ ਗੱਡੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਜਦੋਂ ਉਹ ਰਾਮਪੁਰ ਨੇੜੇ ਪਹੁੰਚੀ ਤਾਂ ਕਾਰ ਅਚਾਨਕ ਆਪਣਾ ਸੰਤੁਲਨ ਗੁਆ ਬੈਠੀ। ਇਸ ਦੌਰਾਨ ਦੀਨਾਨਗਰ ਦੀ ਇਕ ਔਰਤ ਆਪਣੀ ਪੋਤੀ ਨਾਲ ਪਿੰਡ ਦੇ ਬਾਹਰ ਮੁੱਖ ਸੜਕ ‘ਤੇ ਸਕੂਲ ਬੱਸ ਦੀ ਉਡੀਕ ਕਰ ਰਹੀ ਸੀ ਕਿ ਇਕ ਕਰੇਟਾ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਸੇ ਸਮੇਂ ਉਕਤ ਵਾਹਨ ਨੇ ਅੱਗੇ ਜਾ ਕੇ ਸਕੂਟਰ ਸਵਾਰ ਇੱਕ ਪ੍ਰਾਈਵੇਟ ਸਕੂਲ ਦੀ ਅਧਿਆਪਕਾ ਨੂੰ ਟੱਕਰ ਮਾਰ ਦਿੱਤੀ। ਇਸ ਦੇ ਨਾਲ ਹੀ ਕ੍ਰੇਟਾ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੀ ਦੁਕਾਨ ਨਾਲ ਜਾ ਟਕਰਾਈ। ਇਸ ਹਾਦਸੇ ‘ਚ ਦੋਵੇਂ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 8 ਸਾਲਾ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਵਾਹਨ ਸਵਾਰ ਮੌਕੇ ਤੋਂ ਫਰਾਰ ਹੋ ਗਿਆ।