ਚੰਡੀਗੜ੍ਹ : ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਾਰਸ਼ਲਾਂ ਨੂੰ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਬਾਹਰ ਕਰਨ ਦੇ ਹੁਕਮ ਦੇ ਕੇ ਕੀਤੀ ਗਈ ਪੱਖਪਾਤੀ ਕਾਰਵਾਈ ਨਿੰਦਣਯੋਗ ਹੈ। ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਨਾ ਸਿਰਫ਼ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਸੀ, ਸਗੋਂ ਇਹ ਲੋਕਤੰਤਰ ਦਾ ਵੀ ਕਤਲ ਸੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਇਤਿਹਾਸ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਕਿ ਨਵੇਂ ਸੈਸ਼ਨ ਦੇ ਪਹਿਲੇ ਦਿਨ ਹੀ ਸਮੁੱਚੇ ਵਿਰੋਧੀ ਧਿਰ ਨੂੰ ਮਾਰਸ਼ਲਾਂ ਨੇ ਬਾਹਰ ਕੱਢ ਦਿੱਤਾ ਹੋਵੇ। ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰਾਜਪਾਲ ਵੱਲੋਂ ਉਠਾਏ ਜਾਇਜ਼ ਸਵਾਲਾਂ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਸੀ ਅਤੇ ਸਪੀਕਰ ਵੱਲੋਂ ਪਿਛਲੇ ਦਰਵਾਜ਼ੇ ਤੋਂ ਵੋਟ ਆਫ ਕਾਨਫੀਡੈਂਸ ਲਿਆਉਣ ਲਈ ਸਮੁੱਚੀ ਵਿਰੋਧੀ ਧਿਰ ਨੂੰ ਬਾਹਰ ਕੱਢ ਦਿੱਤਾ ਗਿਆ।ਵੜਿੰਗ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਇੱਥੇ ਅਜਿਹਾ ਡਰਾਮਾ ਰਚਣ ਦੀ ਕੋਈ ਲੋੜ ਨਹੀਂ ਸੀ, ਪਰ ਆਮ ਆਦਮੀ ਪਾਰਟੀ ਅਸਲ ਮੁੱਦਿਆਂ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬਿਜਲੀ ਦੀ ਸਥਿਤੀ, ਪਰਾਲੀ ਸਾੜਨ ਅਤੇ ਜੀਐਸਟੀ ਬਾਰੇ ਚਰਚਾ ਕਰਨ ਦਾ ਦਾਅਵਾ ਕੀਤਾ ਸੀ, ਪਰ ਉਨ੍ਹਾਂ ਕਦੇ ਵੀ ਇਨ੍ਹਾਂ ਮੁੱਦਿਆਂ ਬਾਰੇ ਗੱਲ ਨਹੀਂ ਕੀਤੀ। ਇਸਦੇ ਉਲਟ ਉਹ ਭਰੋਸੇ ਦਾ ਵੋਟ ਲੈ ਕੇ ਆਏ ਜਦੋਂ ਕਿ ਕਿਸੇ ਨੇ ਇਨ੍ਹਾਂ ਨੂੰ ਨਹੀਂ ਪੁੱਛਿਆ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਸਰਕਾਰ ਦਾ ਹਨੀਮੂਨ ਪੀਰੀਅਡ ਖਤਮ ਹੋ ਗਿਆ ਹੈ ਅਤੇ ਇਸ ਨੂੰ ਸੂਬੇ ਦੇ ਲੋਕਾਂ ਨਾਲ ਕੀਤੇ ਝੂਠੇ ਵਾਅਦਿਆਂ ਬਾਰੇ ਕਈ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਉਨ੍ਹਾਂ ਖ਼ੁਲਾਸਾ ਕੀਤਾ ਕਿ ਕਿਵੇਂ ਸਰਕਾਰ ਨੇ ਪੰਜਾਬ ਵਿਧਾਨ ਸਭਾ ਕੰਪਲੈਕਸ ਵਿੱਚ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਲਗਾਉਣ ਦਾ ਵਾਅਦਾ ਕੀਤਾ ਸੀ, ਜੋ ਉਨ੍ਹਾਂ ਨੇ ਕਦੇ ਵੀ ਪੂਰਾ ਨਹੀਂ ਕੀਤਾ। ਅਜਿਹਾ ਕਰ ਵੀ ਨਹੀਂ ਸਕਦੇ, ਕਿਉਂਕਿ ਵਿਧਾਨ ਸਭਾ ਇਤਿਹਾਸਕ ਇਮਾਰਤ ਹੈ। ਇਹ ਦਰਸਾਉਂਦਾ ਹੈ ਕਿ ਆਪ ਨੇ ਕਿੰਨੀ ਕਾਹਲੀ ਵਿੱਚ ਵਾਅਦੇ ਕੀਤੇ ਸਨ ਅਤੇ ਇਹ ਵੀ ਨਹੀਂ ਸੋਚਿਆ ਕਿ ਉਹ ਪੂਰੇ ਕੀਤੇ ਜਾ ਸਕਦੇ ਹਨ ਜਾਂ ਨਹੀਂ। ਇਸੇ ਤਰ੍ਹਾਂ ਮੁਹਾਲੀ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਰੱਖਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਕਾਂਗਰਸ ਪਾਰਟੀ ਨੇ ਖ਼ੁਦ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਇਹ ਸੂਬੇ ਦਾ ਵਿਸ਼ੇਸ਼ ਅਧਿਕਾਰ ਹੈ। ਮੁਹਾਲੀ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਮੁਹਾਲੀ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਮੁਹਾਲੀ ਸ਼ਹਿਰ ਵਿੱਚ ਸਥਿਤ ਹੈ। ਵੜਿੰਗ ਅਤੇ ਰੰਧਾਵਾ ਨੇ ਕਿਹਾ ਕਿ ਮੁੱਦਾ ਇਹ ਨਹੀਂ ਹੈ ਕਿ 'ਆਪ' ਸਰਕਾਰ ਆਪਣੇ ਝੂਠ ਨੂੰ ਕਿੰਨੀ ਵਾਰ ਦੁਹਰਾਉਂਦੀ ਹੈ, ਕਿਉਂਕਿ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਪਹਿਲਾਂ ਹੀ ਬੇਨਕਾਬ ਹੋ ਚੁੱਕੇ ਹਨ ਅਤੇ ਇਸੇ ਲਈ ਇਹ 'ਆਪ੍ਰੇਸ਼ਨ ਲੋਟਸ' ਵਰਗੇ ਡਰਾਮੇ ਰਚਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਤਹਿਤ ਇਨ੍ਹਾਂ ਦੇ ਵਿਧਾਇਕ ਇੱਕ-ਇੱਕ ਕਰ ਕੇ ਹਾਸੋਹੀਣੇ ਦਾਅਵੇ ਕਰ ਰਹੇ ਹਨ ਕਿ ਉਨ੍ਹਾਂ ਨੂੰ ਪਾਰਟੀ ਛੱਡਣ ਲਈ 100 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਪ੍ਰੈਸ ਕਾਨਫਰੰਸ ਵਿੱਚ ਸੂਬਾ ਕਾਂਗਰਸ ਦੇ ਬੁਲਾਰੇ ਟੀਨਾ ਚੌਧਰੀ, ਜਗਮੀਤ ਸਿੰਘ ਢਿੱਲੋਂ ਅਤੇ ਨਰਿੰਦਰ ਸਿੰਘ ਸੰਧੂ ਵੀ ਮੌਜੂਦ ਸਨ। ਸੂਬਾ ਕਾਂਗਰਸ ਪ੍ਰਧਾਨ ਨੇ ਪਾਬੰਦੀ ਦੇ ਬਾਵਜੂਦ ਪੰਜਾਬ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਖ਼ੁਲਾਸਾ ਕੀਤਾ ਕਿ ਸਰਕਾਰ ਵੱਲੋਂ ਰੇਤ ਦੀ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਕਾਨੂੰਨੀ ਮਾਨਤਾ ਦੇਣ ਦਾ ਦਾਅਵਾ ਕੀਤਾ ਸੀ ਕਿ ਸੂਬੇ ਭਰ ਵਿੱਚ ਕਈ ਖੱਡਾਂ ਵਿੱਚ ਬਕਾਇਆ ਸਟਾਕ ਪਿਆ ਹੋਇਆ ਹੈ ਪਰ ਅਸਲ ਵਿੱਚ ਅਜਿਹਾ ਕੋਈ ਸਟਾਕ ਬਕਾਇਆ ਨਹੀਂ ਹੈ। ਇਹ ਕਹਾਣੀ ਨਿਯਮਾਂ ਨੂੰ ਛਿੱਕੇ ਟੰਗਣ ਵਾਸਤੇ ਰਚੀ ਗਈ ਸੀ ਕਿਉਂਕਿ ਰੋਕ ਦੇ ਬਾਵਜੂਦ ਤਾਜ਼ੀ ਰੇਤ ਦੀ ਮਾਈਨਿੰਗ ਹਾਲੇ ਵੀ ਨਾਜਾਇਜ਼ ਤਰੀਕੇ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਕਾਇਆ ਸਟਾਕ ਹੈ ਅਤੇ ਉਹ ਵੇਚਿਆ ਗਿਆ ਹੈ ਤਾਂ ਸਰਕਾਰ ਅਤੇ ਮਾਈਨਿੰਗ ਵਿਭਾਗ ਦੱਸੇ ਕਿ ਰੇਤ ਦੀ ਵਿਕਰੀ ਤੋਂ ਬਾਅਦ ਪੈਸਾ ਕਿੱਥੇ ਜਮ੍ਹਾ ਹੋਇਆ। ਤੁਸੀਂ ਸਾਨੂੰ ਰੇਤ ਜਾਂ ਪੈਸੇ ਦਿਖਾਓ।