ਚੰਡੀਗੜ੍ਹ, 14 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਸੂਬੇ ਦੇ ਵਿਧਾਇਕਾਂ ਲਈ ਕਰਵਾਇਆ ਜਾ ਰਿਹਾ ਵਿਸ਼ੇਸ਼ ਓਰੀਐਂਟੇਸ਼ਨ ਪ੍ਰੋਗਰਾਮ ਆਉਣ ਵਾਲੇ ਸੈਸ਼ਨਾਂ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਮਿਆਰੀ ਬਹਿਸਾਂ ਤੇ ਸੰਸਦੀ ਕੰਮਕਾਜ ਲਈ ਰਾਹ-ਦਸੇਰੇ ਦਾ ਕੰਮ ਕਰੇਗਾ। ਇੱਥੇ ਪੰਜਾਬ ਵਿਧਾਨ ਸਭਾ ਵਿੱਚ ਓਰੀਐਂਟੇਸ਼ਨ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਮਿਸਾਲੀ ਪਹਿਲ ਕਦਮੀ ਵਿਧਾਨ ਸਭਾ ਦੇ ਕੰਮਕਾਜ ਵਿੱਚ ਸਿਫ਼ਤੀ ਤਬਦੀਲੀ ਲਿਆਏਗੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵੱਡੇ ਫ਼ਤਵੇ ਨਾਲ ਵਿਧਾਇਕਾਂ ਨੂੰ ਜਿਤਾਇਆ ਹੈ ਅਤੇ ਉਨ੍ਹਾਂ ਦੀਆਂ ਚੁਣੇ ਹੋਏ ਨੁਮਾਇੰਦਿਆਂ ਤੋਂ ਬਹੁਤ ਆਸਾਂ ਹਨ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਸਾਂ ਦੀ ਪੂਰਤੀ ਤਾਂ ਹੀ ਹੋ ਸਕਦੀ ਹੈ, ਜੇ ਵਿਧਾਇਕ ਬਹਿਸਾਂ ਤੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ। ਮੁੱਖ ਮੰਤਰੀ ਨੇ ਕਿਹਾ ਕਿ ਸਮਾਂ ਆ ਗਿਆ ਹੈ, ਜਦੋਂ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਮਤਭੇਦ ਭੁਲਾ ਕੇ ਸੂਬੇ ਦੇ ਹਿੱਤਾਂ ਦੀ ਰੱਖਿਆ ਲਈ ਇਕ-ਦੂਜੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੋਰ ਸੂਬਿਆਂ ਦੀਆਂ ਸਿਆਸੀ ਪਾਰਟੀਆਂ ਤੇ ਉਥੋਂ ਦੇ ਲੋਕ ਆਪਣੇ ਸੂਬਿਆਂ ਦੇ ਸਾਂਝੇ ਕੰਮਾਂ ਲਈ ਇਕਜੁੱਟ ਹੁੰਦੇ ਹਨ ਪਰ ਪੰਜਾਬ ਵਿੱਚ ਇਸ ਤਰ੍ਹਾਂ ਦਾ ਏਕਾ ਗਾਇਬ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਮਸਲਿਆਂ ਦਾ ਛੇਤੀ ਹੱਲ ਯਕੀਨੀ ਬਣਾਉਣ ਲਈ ਇਹ ਸਮੇਂ ਦੀ ਮੁੱਖ ਲੋੜ ਹੈ। ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਅਲਾਟ ਕੋਲਾ ਖਾਣ ਤੋਂ ਸਮੁੰਦਰੀ ਰਸਤੇ ਰਾਹੀਂ ਕੋਲਾ ਲਿਆਉਣ ਦੇ ਨੁਕਸਦਾਰ ਫੈਸਲੇ ਦੀ ਮਿਸਾਲ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦਾ ਇਹ ਆਪਹੁਦਰਾ ਫੈਸਲਾ ਤਰਕਹੀਣ ਹੈ। ਉਨ੍ਹਾਂ ਕਿਹਾ ਕਿ ਸੂਬਾ ਇਸ ਕੋਲੇ ਦੀ ਵਰਤੋਂ ਝੋਨਾ ਪੈਦਾ ਕਰਨ ਲਈ ਕਰਦਾ ਹੈ, ਜਿਸ ਦੀ ਦੇਸ਼ ਦਾ ਅੰਨ ਭੰਡਾਰ ਭਰਨ ਵਿੱਚ ਅਹਿਮ ਭੂਮਿਕਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਕੋਲੇ ਦੀ ਢੁਆਈ ਦਾ ਵੱਧ ਖ਼ਰਚਾ ਚੁੱਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਹੜਾ ਗ਼ੈਰ-ਵਾਜਬ ਤੇ ਨਾ ਸਹਿਣਯੋਗ ਹੈ।
ਕੇਂਦਰ ਸਰਕਾਰ ਦੇ ਥਾਪੇ ਹੋਏ ਕੁੱਝ ਨੁਮਾਇੰਦੇ ਸੂਬੇ ਦੇ ਮਾਮਲਿਆਂ ਵਿੱਚ ਅੜਿੱਕੇ ਡਾਹ ਰਹੇ ਹਨ
ਮੁੱਖ ਮੰਤਰੀ ਨੇ ਕਿਹਾ ਕਿ ਜਮਹੂਰੀਅਤ ਵਿੱਚ ਲੋਕ ਸਭ ਤੋਂ ਉੱਪਰ ਹਨ ਅਤੇ ਸਰਕਾਰ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਚਲਾਈ ਜਾ ਰਹੀ ਹੈ। ਉਨ੍ਹਾਂ ਵਿਅੰਗ ਕਸਿਆ ਕਿ ਕੇਂਦਰ ਸਰਕਾਰ ਦੇ ਥਾਪੇ ਹੋਏ ਕੁੱਝ ਨੁਮਾਇੰਦੇ ਸੂਬੇ ਦੇ ਮਾਮਲਿਆਂ ਵਿੱਚ ਅੜਿੱਕੇ ਡਾਹ ਰਹੇ ਹਨ, ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਥਾਪੇ ਹੋਏ ਵਿਅਕਤੀਆਂ ਨੂੰ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਦੇ ਕੰਮ ਵਿੱਚ ਅੜਿੱਕੇ ਡਾਹੁਣ ਦੀ ਥਾਂ ਆਪਣੇ ਅਧਿਕਾਰ ਖੇਤਰ ਵਿੱਚ ਰਹਿਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਸਿਆਸਤ ਤੋਂ ਦੂਰ ਨਹੀਂ ਰਹਿੰਦੇ ਅਤੇ ਉਹ ਆਪਣੇ ਨਾਲ ਸਬੰਧਤ ਸਿਆਸੀ ਮਾਹੌਲ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਲੀਡਰਸ਼ਿਪ ਦਾ ਗੁਣ ਵਿਰਸੇ ਵਿੱਚ ਮਿਲਿਆ ਹੈ, ਜਿਸ ਦਾ ਅੰਦਾਜ਼ਾ ਇਸ ਗੱਲੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਵਿਦੇਸ਼ਾਂ ਵਿੱਚ ਵੀ ਆਪਣੇ ਲਈ ਵੱਖਰੀ ਥਾਂ ਬਣਾਈ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ ਤੇ ਹੋਰ ਮੁਲਕਾਂ ਦੇ ਸਿਆਸੀ ਖੇਤਰ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦਿਆਂ ਦੇਖਿਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚੋਂ ਪੰਜਾਬ ਹੀ ਅਜਿਹਾ ਇਕੋ-ਇਕ ਸੂਬਾ ਹੈ, ਜਿਸ ਦੀਆਂ ਜੜ੍ਹਾਂ ਦੁਨੀਆ ਭਰ ਵਿੱਚ ਫੈਲੀਆਂ ਹੋਈਆਂ ਹਨ ਕਿਉਂਕਿ ਪੰਜਾਬੀ ਹਰੇਕ ਮੁਲਕ ਵਿੱਚ ਛਾਏ ਹੋਏ ਹਨ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸਿੱਧਾ ਪ੍ਰਸਾਰਨ ਹੁੰਦਾ ਹੈ, ਜਿਸ ਕਾਰਨ ਵਿਧਾਇਕਾਂ ਉਤੇ ਵੱਡੀ ਜ਼ਿੰਮੇਵਾਰੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਰਾ ਵਿਸ਼ਵ ਸਾਡੇ ਵੱਲ ਵੇਖ ਰਿਹਾ ਹੈ ਅਤੇ ਸਾਰੇ ਮੈਂਬਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਧਾਨ ਸਭਾ ਵਿੱਚ ਬਹਿਸਾਂ ਦੌਰਾਨ ਜ਼ਾਬਤਾ ਬਣਾ ਕੇ ਰੱਖਣ।