ਸੁਰਿੰਦਰਪਾਲ ਗੁਰਦਾਸਪੁਰ ਵੱਲੋਂ ਮਰਨ ਵਰਤ ਕੀਤਾ ਗਿਆ ਖਤਮ, ਬੇਰੋਜ਼ਗਾਰ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਅੱਜ ਹੋਵੇਗੀ ਮੀਟਿੰਗ

ਬੇਰੋਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਸਿਖਰ ਦੀ ਗਰਮੀ ਵਿੱਚ ਟਾਵਰ ਉਪਰ ਡਟੇ ਹੋਏ ਸਨ। ਉਨ੍ਹਾਂ ਵੱਲੋਂ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਵਿੱਢਿਆ ਜਾ ਰਿਹਾ ਹੈ ਤੇ ਅੱਜ ਸੁਰਿੰਦਰਪਾਲ ਗੁਰਦਾਸਪੁਰ ਦਾ ਮਰਨ ਵਰਤ ਸਵੇਰੇ ਲਗਭਗ 6 ਵਜੇ ਸਮਾਪਤ ਹੋ ਗਿਆ। ਅੱਜ ਦੁਪਹਿਰ ਨੂੰ 2 ਵਜੇ ਕੈਪਟਨ ਸੰਦੀਪ ਸੰਧੂ ਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਚੰਡੀਗੜ੍ਹ ਵਿਖੇ ਮੀਟਿੰਗ ਹੋਵੇਗੀ ਤੇ ਬੇਰੋਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਸਬੰਧੀ ਸਰਕਾਰ ਕੋਈ ਵੱਡਾ ਫੈਸਲਾ ਲੈ ਸਕਦੀ ਹੈ।

2

ਦੱਸ ਦੇਈਏ ਕਿ ਲਗਭਗ 12 ਦਿਨ ਭੁੱਖੇ ਪਿਆਸੇ ਰਹਿਣ ਕਾਰਨ ਸੁੰਰਿਦਰਪਾਲ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਸੀ। ਸੁਰਿੰਦਰਪਾਲ ਦਾ ਸ਼ੂਗਰ ਲੈਵਲ ਬਹੁਤ ਘੱਟ ਗਿਆ ਸੀ। ਸੁਰਿੰਦਰ ਪਾਲ ਦੀ ਸਥਿਤੀ ਅਜਿਹੀ ਬਣੀ ਹੋਈ ਹੈ ਕਿ ਉਸ ਨਾਲ ਕਿਸੇ ਵੀ ਸਮੇਂ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਵਾਪਰ ਸਕਦੀ ਸੀ। ਇਸ ਤੋਂ ਪਹਿਲਾਂ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਧ ਨੰਗੇ ਹੋ ਕੇ ਲੀਲਾ ਚੌਕ ‘ਤੇ ਜਾਮ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਵਾਈ ਪੀ ਐੱਸ ਚੌਕ ਤੱਕ ਮਾਰਚ ਸ਼ੁਰੂ ਕੀਤਾ ਗਿਆ ਸੀ। ਲਗਾਤਾਰ ਹੋ ਰਹੇ ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਅੱਜ ਇਨ੍ਹਾਂ ਬੇਰੋਜ਼ਗਾਰ ਈ. ਟੀ. ਟੈੱਟ ਪਾਸ ਅਧਿਆਪਕਾਂ ਨਾਲ ਮੀਟਿੰਗ ਕੀਤੀ ਜਾਵੇਗੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।