ਚੰਡੀਗੜ੍ਹ, 11 ਜੂਨ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਨੂੰ ਲੈ ਕੇ ਪੰਜਾਬ ਦੀ ਮਾਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਖਹਿਰਾ ਨੇ ਟਵੀਟ ਕਰਕੇ ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ 'ਤੇ ਵੀ ਵਿਅੰਗ ਕੱਸਿਆ ਹੈ। ਕਾਂਗਰਸੀ ਵਿਧਾਇਕ ਖਹਿਰਾ ਨੇ ਕਿਹਾ ਕਿ 'ਆਪ' ਅਤੇ ਇਸ ਦੇ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵਰਗੇ ਆਗੂ ਵਿਚਾਰਧਾਰਕ ਤੌਰ 'ਤੇ ਦੀਵਾਲੀਆ ਹਨ। ਉਨ੍ਹਾਂ ਕਿਹਾ ਕਿ ਮੰਤਰੀ ਅਨਮੋਲ ਗਗਨ ਮਾਨ ਪੰਜਾਬ ਵਿੱਚ ਪਤੰਗ ਉਡਾਉਣ ਦੇ ਮੁਕਾਬਲੇ ਕਰਵਾਉਣ ਜਾ ਰਹੇ ਹਨ। ਇਸ ਵਿੱਚ ਸਭ ਤੋਂ ਵੱਧ ਪਤੰਗ ਉਡਾਉਣ ਵਾਲੇ ਜੇਤੂ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਕਾਂਗਰਸੀ ਵਿਧਾਇਕ ਖਹਿਰਾ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਤਿੰਨ ਲੱਖ ਕਰੋੜ ਦੇ ਕਰਜ਼ੇ ਦੇ ਬੋਝ ਹੇਠ ਦੱ ਬਿਆ ਹੋਇਆ ਹੈ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਨੌਜਵਾਨ ਬੇਰੁਜ਼ਗਾਰੀ ਕਾਰਨ ਵਿਦੇਸ਼ਾਂ ਵਿੱਚ ਜਾ ਕੇ ਨਸ਼ਿਆਂ ਦੀ ਲਤ ਵਿੱਚ ਮਰ ਰਹੇ ਹਨ। ਪਰ ਪੰਜਾਬ ਸਰਕਾਰ ਪਤੰਗ ਉਡਾਉਣਾ ਚਾਹੁੰਦੀ ਹੈ। ਖਾਸ ਗੱਲ ਇਹ ਹੈ ਕਿ ਕਾਂਗਰਸ ਨੇਤਾ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਕਿਸਾਨ ਯੂਨੀਅਨਾਂ, ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਨਸ਼ਾ ਵਿਰੋਧੀ ਕਮੇਟੀ ਅਤੇ ਬੇਰੁਜ਼ਗਾਰ ਅਧਿਆਪਕਾਂ ਨਾਲ ਮੀਟਿੰਗ ਨਾ ਕਰਨ ਦੇ ਦੋਸ਼ ਲਗਾਏ ਹਨ। ਇਸ ਦੇ ਨਾਲ ਹੀ ਖਹਿਰਾ ਨੇ ਸੀਐਮ ਮਾਨ 'ਤੇ ਕੈਬਿਨੇਟ ਮੰਤਰੀ ਲਾਲਚੰਦ ਕਟਾਰੂਚੱਕ 'ਤੇ ਜਿਨਸੀ ਸ਼ੋਸ਼ਣ ਮਾਮਲੇ 'ਚ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ।