ਚੰਡੀਗੜ੍ਹ / ਵਲਟੋਹਾ : ਤਰਨਤਾਰਨ ਦੇ ਵਲਟੋਹਾ ਇਲਾਕੇ ਵਿੱਚ ਪੰਜਾਬ ਪੁਲਿਸ ਅਤੇ ਬੀਐਸਐਫ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ 3 ਕਿਲੋ ਹੈਰੋਇਨ ਸਮੇਤ ਇੱਕ ਡਰੋਨ ਬਰਾਮਦ ਕੀਤਾ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਕਿਸੇ ਵੀ ਗਤੀਵਿਧੀ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿਸਤਾਨ ਬੀਤੀ 28 ਨਵੰਬਰ ਦੀ ਰਾਤ ਵੀ ਭਾਰਤੀ ਸਰਹੱਦ ਅੰਦਰ ਇੱਕ ਪਾਕਿਸਤਾਨੀ ਡਰੋਨ ਦਾਖ਼ਲ ਹੋਇਆ ਸੀ। ਥਾਣਾ ਰਮਦਾਸ ਅਧੀਨ ਪੈਂਦੀਆਂ ਬੀਐਸਐਫ ਦੀਆਂ ਬਾਰਡਰ ਆਊਟ ਪੋਸਟਾਂ ਦਰਿਆ ਮਨਸੂਰ ਅਤੇ ਬਧਾਈ ਚੀਮਾ 'ਤੇ ਤਾਇਨਾਤ ਬੀਐਸਐਫ ਦੀ 73 ਬਟਾਲੀਅਨ ਡਰੋਨ 'ਤੇ ਗੋਲੀਬਾਰੀ ਮਗਰੋਂ ਇਸਨੂੰ ਹੇਠਾਂ ਡੇਗਣ 'ਚ ਵੱਡੀ ਸਫ਼ਲਤਾ ਹਾਸਿਲ ਕੀਤੀ ਸੀ। ਦੱਸਣਯੋਗ ਹੈ ਕਿ ਬੀਐਸੇਐਫ ਦੀਆਂ ਮਹਿਲਾ ਕਾਂਸਟੇਬਲਾਂ ਵੱਲੋਂ ਬੜੀ ਹੀ ਬਹਾਦਰੀ ਨਾਲ ਇਸ ਪਾਕਿਸਤਾਨੀ ਡਰੋਨ ਨੂੰ ਗੋਲੀਬਾਰੀ ਮਗਰੋਂ ਹੇਠਾਂ ਸੁੱਟਿਆ ਗਿਆ ਸੀ। ਮਹਿਲਾਂ ਕਾਂਸਟੇਬਲਾਂ ਵੱਲੋਂ ਭਾਰਤੀ ਸਰਹੱਦ 'ਚ ਦਾਖ਼ਲ ਹੋਏ ਇਸ ਪਾਕਿਸਤਾਨੀ ਡਰੋਨ 'ਤੇ 25 ਰਾਊਂਡ ਫਾਇਰ ਕੀਤੇ ਗਏ ਸਨ। ਹੇਠਾਂ ਸੁੱਟੇ ਇਸ ਡਰੋਨ ਦੇ ਨਾਲ ਇੱਕ ਸ਼ੱਕੀ ਪਲਾਸਟਿਕ ਬੈਗ ਵੀ ਬੰਨ੍ਹਿਆ ਹੋਇਆ ਸੀ, ਜਿਸ ਵਿੱਚ ਹਥਿਆਰ ਤੇ ਡਰੱਗਸ ਸਨ। ਭਾਰਤੀ ਫੌਜ ਮੇਰਠ ਵਿੱਚ ਰਿਮਾਉਂਟ ਵੈਟਰਨਰੀ ਕੋਰ ਵਿੱਚ ਅਜਿਹੇ ਮਿਸ਼ਨਾਂ ਲਈ ਇੱਲਾਂ ਅਤੇ ਕੁੱਤਿਆਂ ਨੂੰ ਸਿਖਲਾਈ ਦੇ ਰਹੀ ਹੈ ਜਿਸ ਨਾਲ ਦੁਸ਼ਮਣ ਦੇ ਡਰੋਨ ਨੂੰ ਦੇਖ ਕੇ ਕੁੱਤੇ ਭੌਂਕਣਾ ਸ਼ੁਰੂ ਕਰ ਦਿੰਦੇ ਅਤੇ ਇੱਲ ਕਮਾਂਡੋ ਦੁਸ਼ਮਣ ਦੇ ਡਰੋਨ ਨੂੰ ਆਪਣੇ ਪੰਜੇ ਨਾਲ ਫੜ ਕੇ ਮਾਰ ਗਿਰਾਉਂਦੇ ਹਨ।