
ਚੰਡੀਗੜ੍ਹ, 21 ਜਨਵਰੀ 2025 : ਪੰਜਾਬ ਸਰਕਾਰ ਨੇ ਨਵੇਂ ਸਾਲ ਦੇ ਪਹਿਲੇ ਮਹੀਨੇ ਸਿਹਤ ਤੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ ਤੋਹਫ਼ਾ ਦਿੱਤਾ ਹੈ। ਡਾਕਟਰਾਂ ਦੀ ਤਰੱਕੀ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਸੂਬਾ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਸਿਹਤ ਵਿਭਾਗ ਦੇ ਮੈਡੀਕਲ ਅਫਸਰਾਂ ਲਈ ਮੋਡੀਫਾਈਡ ਐਸ਼ੋਰਡ ਕਰੀਅਰ ਪ੍ਰੋਗਰੇਸ਼ਨ ਸਕੀਮ (MACP ਸਕੀਮ) ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਸਕੀਮ ਤਹਿਤ ਮੈਡੀਕਲ ਅਫ਼ਸਰਾਂ ਨੂੰ ਉਨ੍ਹਾਂ ਦੇ ਸੇਵਾ ਕਾਲ ਦੌਰਾਨ ਤਨਖ਼ਾਹ ਵਿੱਚ ਵਾਧਾ ਕੀਤਾ ਜਾਵੇਗਾ। ਪਿਛਲੀ ਕਾਂਗਰਸ ਸਰਕਾਰ ਨੇ ਇਸ 'ਤੇ ਪਾਬੰਦੀ ਲਗਾ ਦਿੱਤੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡਾਕਟਰਾਂ ਦੀ ਇਹ ਮੰਗ ਪੂਰੀ ਕਰ ਦਿੱਤੀ ਹੈ। ਡਾਕਟਰਾਂ ਨੂੰ 56,100 ਰੁਪਏ ਪ੍ਰਤੀ ਮਹੀਨਾ, 5 ਸਾਲ ਦੀ ਸੇਵਾ ਤੋਂ ਬਾਅਦ 67,400 ਰੁਪਏ ਪ੍ਰਤੀ ਮਹੀਨਾ, 10 ਸਾਲ ਦੀ ਸੇਵਾ ਤੋਂ ਬਾਅਦ 83,600 ਰੁਪਏ ਪ੍ਰਤੀ ਮਹੀਨਾ ਅਤੇ 15 ਸਾਲ ਦੀ ਸੇਵਾ ਤੋਂ ਬਾਅਦ 1,22,800 ਰੁਪਏ ਪ੍ਰਤੀ ਮਹੀਨਾ ਐਂਟਰੀ ਤਨਖਾਹ ਦਿੱਤੀ ਜਾਵੇਗੀ। ਇਹ ਸਕੀਮ ਉਨ੍ਹਾਂ ਅਧਿਕਾਰੀਆਂ 'ਤੇ ਲਾਗੂ ਹੋਵੇਗੀ ਜੋ 17.07.2020 ਤੋਂ ਪਹਿਲਾਂ ਨਿਯੁਕਤ ਕੀਤੇ ਗਏ ਸਨ ਅਤੇ ਪੰਜਾਬ ਸਿਵਲ ਸਰਵਿਸਿਜ਼ (ਸੋਧਿਆ ਤਨਖਾਹ) ਨਿਯਮ, 2021 ਦੇ ਅਨੁਸਾਰ ਤਨਖਾਹ ਲੈ ਰਹੇ ਸਨ। ਇਹ ਸਕੀਮ 1 ਜਨਵਰੀ 2025 ਤੋਂ ਲਾਗੂ ਹੋਵੇਗੀ। ਦੂਜੇ ਪਾਸੇ ਸਕੂਲ ਸਿੱਖਿਆ ਵਿਭਾਗ ਨੇ ਪਿਕਟਸ ਵਿੱਚ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਦੇ ਮਹਿੰਗਾਈ ਭੱਤੇ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿੱਤ ਵਿਭਾਗ ਨੇ PICTES ਦੇ ਸਾਰੇ ਰੈਗੂਲਰ ਕਰਮਚਾਰੀਆਂ ਨੂੰ 33 ਫੀਸਦੀ ਵਾਧੂ ਮਹਿੰਗਾਈ ਭੱਤਾ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਮੌਜੂਦਾ ਡੀਏ ਦੀ ਦਰ 148 ਤੋਂ ਵਧਾ ਕੇ 181 ਫੀਸਦੀ ਹੋ ਜਾਵੇਗੀ। ਇਹ ਵਾਧਾ 1 ਜਨਵਰੀ 2025 ਤੋਂ ਲਾਗੂ ਹੋਵੇਗਾ ਅਤੇ ਜਨਵਰੀ 2025 ਦੀ ਤਨਖਾਹ ਨਾਲ ਅਦਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਨੇ ਔਰਤਾਂ ਨੂੰ ਜਲਦ 1000 ਰੁਪਏ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਆਮ ਆਦਮੀ ਪਾਰਟੀ ਨੇ ਸਾਰੀਆਂ ਔਰਤਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ। ਹੁਣ ਸੀਐਮ ਮਾਨ ਨੇ ਜਲਦੀ ਹੀ ਸਾਰੀਆਂ ਔਰਤਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਆਉਣ ਵਾਲੇ ਬਜਟ ਵਿੱਚ ਇਸ ਸਬੰਧੀ ਪ੍ਰਬੰਧ ਕੀਤੇ ਜਾਣਗੇ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਿੱਲੀ ਵਿੱਚ ਲਗਾਤਾਰ ਚੌਥੀ ਵਾਰ ਜਿੱਤਣ ਜਾ ਰਹੀ ਹੈ ਅਤੇ ਉਹ ਵੀ 60 ਤੋਂ ਵੱਧ ਸੀਟਾਂ ਉੱਤੇ ਅਤੇ ਇਹ ਇਤਿਹਾਸ ਬਣ ਜਾਵੇਗਾ।