ਚੰਡੀਗੜ੍ਹ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਇੱਥੇ ਪੀ.ਐਸ.ਪੀ.ਸੀ.ਐਲ. ਗੈਸਟ ਹਾਊਸ ਵਿਖੇ 10 ਜੂਨੀਅਰ ਡਰਾਫਟਸਮੈਨਾਂ(ਜੇ.ਡੀ.ਐਮਜ਼.) ਨੂੰ ਨਿਯੁਕਤੀ ਪੱਤਰ ਸੌਂਪੇ। ਉਨਾਂ ਦੱਸਿਆ ਕਿ 11/10/2022 ਨੂੰ 93 ਜੇ.ਡੀ.ਐਮਜ਼ ਅਤੇ 18 ਜੂਨੀਅਰ ਇੰਜੀਨੀਅਰਾਂ (ਇਲੈਕਟ੍ਰੀਕਲ ਵਿੰਗ) ਨੂੰ ਨਿਯੁਕਤੀ ਪੱਤਰ ਸੌਂਪੇ ਗਏ ਸਨ। ਉਨਾਂ ਕਿਹਾ ਕਿ 81 ਹੋਰ ਜੇ.ਡੀ.ਐਮਜ਼. ਅਤੇ 201 ਜੂਨੀਅਰ ਇੰਜੀਨੀਅਰਾਂ(ਸਿਵਲ) ਦੀ ਨਿਯੁਕਤੀ ਸਬੰਧੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਉਨਾਂ ਨੂੰ ਵੀ ਜਲਦ ਭਰਤੀ ਕੀਤਾ ਜਾਵੇਗਾ। ਨਵ-ਨਿਯੁਕਤ ਜੇ.ਡੀ.ਐਮਜ਼ ਨੂੰ ਸੰਬੋਧਨ ਕਰਦਿਆਂ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ। ਕੈਬਨਿਟ ਮੰਤਰੀ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਕਿਉਂਕਿ ਸਰਕਾਰ ਨੇ ਉਨਾਂ ਨੂੰ ਨੌਕਰੀਆਂ ਦੇ ਕੇ ਆਪਣੀ ਜਿੰਮੇਵਾਰੀ ਪੂਰੀ ਕੀਤੀ ਹੈ ਅਤੇ ਹੁਣ ਪੂਰੇ ਸਮਰਪਣ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨਾ ਉਨਾਂ(ਨਵ-ਨਿਯੁਕਤ ਕਰਮਚਾਰੀ) ਦਾ ਫਰਜ ਹੈ। ਉਨਾਂ ਕਿਹਾ ਕਿ ਉਕਤ ਜੇ.ਡੀ.ਐਮਜ਼ ਦੀ ਭਰਤੀ ਨਿਰੋਲ ਮੈਰਿਟ ਦੇ ਆਧਾਰ ‘ਤੇ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ। ਉਨਾਂ ਅੱਗੇ ਦੱਸਿਆ ਕਿ ਮਿ੍ਰਤਕ ਸਰਕਾਰੀ ਕਰਮਚਾਰੀਆਂ ਦੇ ਆਸਰਿਤਾਂ ਨੂੰ ਨਿਯੁਕਤੀਆਂ ਦੇਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਪਹਿਲਾਂ ਦੀਆਂ ਰੁਕਾਵਟਾਂ ਨੂੰ ਦੂਰ ਕਰਕੇ ਸਿਸਟਮ ਵਿੱਚ ਸੁਧਾਰ ਕੀਤਾ ਗਿਆ ਹੈ। ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਵਿੱਚ ਹੁਣ ਤੱਕ 33 ਆਸਰਿਤਾਂ ਨੂੰ ਤਰਸ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਗਈਆਂ ਹਨ। ਵਿਭਾਗ ਵਿੱਚ ਤਰਸ ਦੇ ਆਧਾਰ ’ਤੇ ਨਿਯੁਕਤੀ ਸਬੰਧੀ ਇੱਕ ਵੀ ਅਰਜੀ ਬਕਾਇਆ ਨਹੀਂ ਹੈ। ਤਰਸ ਦੇ ਆਧਾਰ ‘ਤੇ ਨਿਯੁਕਤੀਆਂ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਗਿਆ ਹੈ ਅਤੇ ਅਰਜ਼ੀ ਦੇਣ ਦੀ ਮਿਤੀ ਤੋਂ 4 ਤੋਂ 6 ਹਫਤਿਆਂ ਦੇ ਅੰਦਰ-ਅੰਦਰ ਹੀ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੌਰਾਨ ਇਸੇ ਪ੍ਰਕਿਰਿਆ ਨੂੰ 6 ਮਹੀਨੇ ਤੋਂ ਵੀ ਵੱਧ ਸਮਾਂ ਲੱਗ ਜਾਂਦਾ ਸੀ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ, ਮੁੱਖ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਅਰੁਣ ਕੁਮਾਰ ,ਮੁੱਖ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਅਮਰਦੀਪ ਸਿੰਘ ਬਰਾੜ, ਮੁੱਖ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਐੱਸ.ਪੀ. ਸਿੰਘ, ਮੁੱਖ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਗਗਨਦੀਪ ਸਿੰਘ, ਸੁਪਰਡੈਂਟ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਗੁਰਮੁਖ ਸਿੰਘ ਅਤੇ ਕਾਰਜਕਾਰੀ ਇੰਜੀਨੀਅਰ ਅਨਿਲ ਸ਼ਰਮਾ ਸਮੇਤ ਹੋਰ ਅਧਿਕਾਰੀ ਹਾਜਰ ਸਨ ।