ਕੋਵਿਡ-19 ਦੇ ਨਿੱਤ ਸਾਹਮਣੇ ਆ ਰਹੇ ਬਦਲਵੇਂ ਰੂਪ (ਵੇਰੀਐਂਟ) ਤੇ ਉਨ੍ਹਾਂ ਕਰਕੇ ਲਾਗੂ ਪਾਬੰਦੀਆਂ ਨੇ ਪੂਰੀ ਦੁਨੀਆ ਨੂੰ ਵਖ਼ਤ ਪਾ ਕੇ ਰੱਖਿਆ ਹੋਇਆ ਹੈ। ਲਗਪਗ ਸਾਰੇ ਹੀ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਕੋਰੋਨਾਵਾਇਰਸ ਮਹਾਮਾਰੀ ਦੀ ਲਾਗ ਤੋਂ ਬਚਾਉਣ ਲਈ ਹੋਰਨਾਂ ਦੇਸ਼ਾਂ ਦੇ ਯਾਤਰੀਆਂ ਦੀ ਆਮਦ ਉੱਤੇ ਪਾਬੰਦੀ ਲਾਈ ਹੋਈ ਹੈ। ਕੈਨੇਡਾ ਨੇ ਵੀ ਭਾਰਤੀ ਯਾਤਰੀਆਂ ਦੀ ਆਮਦ ਉੱਤੇ ਬੀਤੀ 22 ਅਪ੍ਰੈਲ ਨੂੰ ਪਾਬੰਦੀ ਲਾ ਦਿੱਤੀ ਸੀ। ਹੁਣ ਉਹ ਪਾਬੰਦੀ 21 ਅਗਸਤ ਤੱਕ ਲਈ ਵਧਾ ਦਿੱਤੀ ਗਈ ਹੈ। ਅਜਿਹੇ ਹਾਲਾਤ ਵਿੱਚ ਜਿਹੜੇ ਵਿਦਿਆਰਥੀਆਂ ਦੀਆਂ ਕੈਨੇਡਾ ਵਿੱਚ ਕਲਾਸਾਂ ਸ਼ੁਰੂ ਹੋ ਰਹੀਆਂ ਹਨ, ਉਨ੍ਹਾਂ ਨੂੰ ਤਿੰਨ ਗੁਣਾ ਮਹਿੰਗੀਆਂ ਫ਼ਲਾਈਟ ਟਿਕਟਾਂ ਲੈ ਕੇ ਵੀ ਕੈਨੇਡਾ ਜਾਣਾ ਪੈ ਰਿਹਾ ਹੈ। ਉੱਤੋਂ ਉਨ੍ਹਾਂ ਨੂੰ ਭਾਰਤ ਤੋਂ ਕੈਨੇਡਾ ਜਾਣ ਲਈ ਇੱਕ ਤੋਂ ਦੋ ਹਫ਼ਤਿਆਂ ਦਾ ਸਮਾਂ ਵੀ ਲੱਗ ਰਿਹਾ ਹੈ; ਜਦ ਕਿ ਆਮ ਸੁਖਾਵੇਂ ਹਾਲਾਤ ਵਿੱਚ ਨਵੀਂ ਦਿੱਲੀ ਤੋਂ ਫ਼ਲਾਈਟ 16 ਘੰਟਿਆਂ ਵਿੱਚ ਟੋਰਾਂਟੋ ਪੁੱਜ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਵਿਦਿਆਰਥੀਆਂ ਨੂੰ ਪਹਿਲਾਂ ਮਾਸਕੋ, ਮੈਕਸੀਕੋ, ਸਰਬੀਆ, ਕਤਰ, ਦੁਬਈ ਜਾਂ ਅਜਿਹੇ ਹੋਰ ਦੇਸ਼ਾਂ ਵਿੱਚ ਜਾ ਕੇ ਆਪਣਾ RT-PCR ਟੈਸਟ ਕਰਵਾਉਣਾ ਪੈਂਦਾ ਹੈ। ਉੱਥੋਂ ਨੈਗੇਟਿਵ ਰਿਪੋਰਟ ਲੈ ਕੇ ਹੀ ਅੱਗੇ ਵਧਣ ਦਿੱਤਾ ਜਾਂਦਾ ਹੈ। ਜੇ ਕਿਤੇ ਰਿਪੋਰਟ ਪੌਜ਼ਿਟਿਵ ਆ ਜਾਵੇ, ਤਾਂ ਆਪਣੇ ਖ਼ਰਚੇ ’ਤੇ 14 ਦਿਨਾਂ ਦੀ ਆਈਸੋਲੇਸ਼ਨ ਕੱਟਣੀ ਪੈਂਦੀ ਹੈ ਤੇ ਇਲਾਜ ਵੀ ਕਰਵਾਉਣਾ ਪੈਂਦਾ ਹੈ। ਜਲੰਧਰ ਦੇ ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਸਰਬੀਆ ਤੇ ਫਿਰ ਫ਼੍ਰੈਂਕਫ਼ਰਟ ਜਾਣਾ ਪਿਆ ਸੀ ਤੇ ਉਸ ਤੋਂ ਬਾਅਦ ਕੈਨੇਡਾ ਪੁੱਜੇ ਸਨ। ਉਨ੍ਹਾਂ ਨੂੰ ਤਿੰਨ ਦਿਨ ਸਰਬੀਆ ਤੇ ਇੱਕ ਦਿਨ ਫ਼੍ਰੈਂਕਫ਼ਰਟ ’ਚ ਰੁਕਣਾ ਪਿਆ ਸੀ। ਇੱਕ ਹੋਰ ਵਿਦਿਆਰਥੀ ਰਮਣੀਕ ਸਿੰਘ ਨੂੰ ਤਾਂ ਕੋਵਿਡ-19 ਨਾਲ ਸਬੰਧਤ ਤਾਜ਼ਾ ਦਿਸ਼ਾ-ਨਿਰਦੇਸ਼ਾਂ ਅਨੁਸਾਰ 7 ਦਿਨ ਸਰਬੀਆ ’ਚ ਬਿਤਾਉਣੇ ਪਏ ਸਨ। ਇੰਝ ਉਨ੍ਹਾਂ ਦਾ ਖ਼ਰਚਾ ਵੀ ਬਹੁਤ ਜ਼ਿਆਦਾ ਹੋ ਗਿਆ ਸੀ।
ਕੈਨੇਡਾ ਸਰਕਾਰ ਵੱਲੋਂ ਵਾਰ-ਵਾਰ ਭਾਰਤੀ ਯਾਤਰੀਆਂ ਦੀ ਆਮਦ ਉੱਤੇ ਲਾਈ ਪਾਬੰਦੀ ਨੂੰ ਇੱਕ-ਇੱਕ ਮਹੀਨੇ ਲਈ ਅੱਗੇ ਵਧਾਇਆ ਜਾ ਰਿਹਾ ਹੈ; ਜਿਸ ਕਾਰਣ ਪੰਜਾਬ ਦੇ ਉਹ ਵਿਦਿਆਰਥੀ ਤੇ ਵਿਦਿਆਰਥਣਾਂ ਡਾਢੇ ਪਰੇਸ਼ਾਨ ਹਨ, ਜਿਨ੍ਹਾਂ ਨੇ ਕੈਨੇਡੀਅਨ ਕਾਲਜਾਂ ਵਿੱਚ ਦਾਖ਼ਲੇ ਲਏ ਹੋਏ ਹਨ। ਪਹਿਲਾ ਸੀਮੈਸਟਰ ਤਾਂ ਉਨ੍ਹਾਂ ਕਿਵੇਂ ਨਾ ਕਿਵੇਂ ਔਨਲਾਈਨ ਕਲਾਸਾਂ ਲਾ ਕੇ ਕੱਢ ਲਿਆ ਪਰ ਅਗਲੇ ਸੀਮੈਸਟਰਜ਼ ਲਈ ਉਨ੍ਹਾਂ ਨੂੰ ਕੈਨੇਡਾ ਜਾਣਾ ਹੀ ਪੈਣਾ ਹੈ।
ਆਮ ਹਾਲਾਤ ਵਿੱਚ ਭਾਰਤ ਤੋਂ ਕੈਨੇਡਾ ਦੀ ਇੱਕ ਪਾਸੇ ਦੀ ਟਿਕਟ 50,000 ਰੁਪਏ ’ਚ ਮਿਲ ਜਾਂਦੀ ਹੈ ਪਰ ਹੁਣ ਇਸ ਲਈ ਡੇਢ ਲੱਖ ਰੁਪਏ ਤੋਂ ਵੀ ਵੱਧ ਦੀ ਰਕਮ ਪੰਜਾਬੀ ਵਿਦਿਆਰਥੀਆਂ ਨੂੰ ਖ਼ਰਚ ਕਰਨੀ ਪੈ ਰਹੀ ਹੈ। ਉੱਪਰੋਂ ਰਾਹ ਵਿੱਚ ਹੋਟਲਾਂ ’ਚ ਰਹਿਣ ਤੇ ਲੋੜ ਪੈਣ ’ਤੇ ਆਈਸੋਲੇਸ਼ਨ ਜਾਂ ਇਲਾਜ ਦੇ ਖ਼ਰਚੇ ਵੱਖਰੇ ਹਨ। ‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ ਉਂਝ ਕੈਨੇਡਾ ’ਚ ਹੁਣ ਹਾਲਾਤ ਆਮ ਵਰਗੇ ਹੁੰਦੇ ਜਾ ਰਹੇ ਹਨ ਕਿਉਂਕਿ ਉੱਥੇ ਸਭ ਦਾ ਕੋਰੋਨਾ ਟੀਕਾਕਰਣ ਮੁਕੰਮਲ ਹੋ ਚੁੱਕਾ ਹੈ।