ਚੰਡੀਗੜ੍ਹ, 16 ਅਗਸਤ 2024 : ਕੋਲਕਾਤਾ 'ਚ ਮਹਿਲਾ ਡਾਕਟਰ ਦੀ ਬਲਾਤਕਾਰ-ਕਤਲ ਦੇ ਵਿਰੋਧ 'ਚ ਸ਼ੁੱਕਰਵਾਰ ਨੂੰ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਡਾਕਟਰ ਹੜਤਾਲ 'ਤੇ ਹਨ। ਇਸ ਦੌਰਾਨ ਓਪੀਡੀ ਵਿੱਚ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਹੈ। ਡਾਕਟਰਾਂ ਵੱਲੋਂ ਮੰਗ ਰੱਖਦੇ ਹੋਏ ਪੀੜਤ ਦੇ ਪਰਿਵਾਰ ਲਈ ਜਲਦੀ ਨਿਆਂ ਦੀ ਮੰਗ ਕੀਤੀ ਅਤੇ ਡਾਕਟਰਾਂ ਤੇ ਸਿਹਤ ਸੰਭਾਲ ਪੇਸ਼ੇਵਰਾਂ ਲਈ ਕੇਂਦਰੀ ਸੁਰੱਖਿਆ ਐਕਟ ਅਤੇ ਪੰਜਾਬ ਰਾਜ ਵਿੱਚ ਵੀ ਹਸਪਤਾਲਾਂ ਤੇ ਸਿਹਤ ਕੇਂਦਰਾਂ 'ਤੇ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕਰਨ ਲਈ ਸਿਕੁਓਰੀਟੀ ਗਾਰਡ ਰੱਖਣ 'ਤੇ ਜ਼ੋਰ ਦਿੱਤਾ। ਇਸ ਦੌਰਾਨ ਸਿਰਫ਼ ਐਮਰਜੈਂਸੀ ਅਤੇ ਮੈਡੀਕਲ-ਕਾਨੂੰਨੀ ਸੇਵਾਵਾਂ ਹੀ ਕਾਰਜਸ਼ੀਲ ਰਹੀਆਂ। ਪੀ.ਸੀ.ਐੱਮ.ਐੱਸ.ਏ. ਜਥੇਬੰਦੀ ਨੇ ਹੈਲਥਕੇਅਰ ਪੇਸ਼ਾਵਰਾਂ ਵਿਰੁੱਧ ਹਿੰਸਾ ਪ੍ਰਤੀ ਆਪਣੀ ਜ਼ੀਰੋ ਸਹਿਣਸ਼ੀਲਤਾ ਦੇ ਰੁਖ ਨੂੰ ਦੁਹਰਾਉਂਦੇ ਹੋਏ, ਕਿਹਾ ਕਿ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦ੍ਰਿੜਤਾ ਨਾਲ ਵਚਨਬੱਧ ਹੈ। ਐਸੋਸੀਏਸ਼ਨ ਵਲੋਂ ਮੰਗ ਪੱਤਰ ਸੌਂਪਦੇ ਹੋਏ ਕਿਹਾ ਕਿ ਸਾਡੀਆਂ ਸਿਹਤ ਸੰਸਥਾਵਾਂ ਵਿੱਚ ਸੁਰੱਖਿਆ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਇਸ ਦੇ ਸਬੰਧ ਵਿੱਚ ਉੱਚ ਅਧਿਕਾਰੀਆਂ ਅਤੇ ਵਿਭਾਗ ਦੇ ਮੰਤਰੀ ਨੂੰ ਕਈ ਵਾਰ ਬੇਨਤੀਆਂ ਕਰਨ ਦੇ ਬਾਵਜੂਦ, ਅੱਜ ਤੱਕ ਕੁਝ ਵੀ ਠੋਸ ਨਹੀਂ ਕੀਤਾ ਗਿਆ ਹੈ। ਕੱਲ ਵੀ ਚੰਡੀਗੜ੍ਹ ਵਿਖੇ ਸੱਦੀ ਗਈ ਵਿਭਾਗ ਦੇ ਪ੍ਰਮੁੱਖ ਸਕੱਤਰ ਨਾਲ ਹੋਈ ਸਪੈਸ਼ਲ ਮੀਟਿੰਗ ਵਿੱਚ ਵੀ ਸੁਰੱਖਿਆ ਦੀ ਮੰਗ ਦੁਹਰਾਈ ਗਈ। ਰੋਜਾਨਾ ਕਿਸੇ ਨਾ ਕਿਸੇ ਹਸਪਤਾਲ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਸ ਨਾਲ ਡਾਕਟਰ ਨਿਡਰ ਹੋ ਕੇ ਲੜਾਈ ਝੱਗੜੇ ਦੇ ਕੇਸ ਵਿੱਚ ਮੈਡੀਕੋ ਲੀਗਲ ਰਿਪੋਰਟ ਕਿਵੇਂ ਬਣਾ ਸਕਣਗੇ। ਇਸ ਵਿੱਚ ਦੇਰੀ ਕਰ ਕੀ ਅਸੀਂ ਵੀ ਕੋਲਕਾਤਾ ਵਰਗੀ ਦੁਰਘਟਨਾ ਦੀ ਉਡੀਕ ਕਰ ਰਹੇ ਹਾਂ, ਕਿਉਕਿ ਜਿਆਦਾਤਰ ਹਸਪਤਾਲਾਂ ਵਿੱਚ ਰਾਤ ਸਮੇਂ ਕੋਈ ਸੁਰੱਖਿਆ ਕਰਮਚਾਰੀ ਨਹੀਂ ਹੁੰਦਾ। ਕਈ ਥਾਵਾਂ ਤੇ ਚੋਰੀਆਂ ਕਾਰਣ ਵੀ ਵਿਭਾਗ ਨੂੰ ਵਿੱਤੀ ਨੁਕਸਾਨ ਵੀ ਝੇਲਣਾ ਪੈ ਰਿਹਾ ਹੈ। ਜਥੇਬੰਦੀ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਰਾਜ ਦੇ ਲੋਕਾਂ ਨੂੰ ਨਿਰਵਿਘਨ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਹਸਪਤਾਲਾਂ ਵਿਚ ਇੱਕ ਸੁਰੱਖਿਅਤ ਅਤੇ ਅਨੁਕੂਲ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਇੰਤਜਾਮ ਕਰਨ ਦੀ ਲੋੜ ਹੈ।