ਨਕੋਦਰ, 26 ਫਰਵਰੀ : ਨਕੋਦਰ ’ਚ ਪੈਂਦੇ ਪਿੰਡ ਪੰਡੋਰੀ ’ਚ ਆਪਸੀ ਦੁਸ਼ਮਣੀ ਕਾਰਨ ਕਾਰ ਚਾਲਕ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕੁਚਲ ਦਿੱਤਾ। ਇਸ ਘਟਨਾਕ੍ਰਮ ’ਚ ਮੋਟਰਸਾਈਕਲ ਸਵਾਰ ਗੁਰਦੀਪ ਸਿੰਘ ਦੀ ਮੌਤ ਹੋ ਗਈ ਅਤੇ ਜਦੋਂ ਕਾਰ ਚਾਲਕ ਰਣਜੀਤ ਸਿੰਘ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਦਰੱਖਤ ਨਾਲ ਟਕਰਾ ਗਈ। ਦਰਖ਼ਤ ਨਾਲ ਟਕਰਾਉਣ ਤੋਂ ਬਾਅਦ ਰਣਜੀਤ ਸਿੰਘ ਨਾਲ ਗੱਡੀ ’ਚ ਸਵਾਰ ਰਾਮਪਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ਚਾਲਕ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਥਾਣਾ ਸਿਟੀ ਦੇ ਇੰਚਾਰਜ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਮਿ੍ਤਕ ਮੋਟਰਸਾਈਕਲ ਸਵਾਰ ਦੀ ਪਛਾਣ ਜਗਦੀਪ ਸਿੰਘ ਉਰਫ ਦੀਪਾ ਵਾਸੀ ਪਿੰਡ ਪੰਡੋਰੀ ਖਾਸ ਵਜੋਂ ਹੋਈ ਹੈ। ਤੇ ਮਿ੍ਤਕ ਕਾਰ ਸਵਾਰ ਰਾਮਪਾਲ ਉਰਫ ਰਾਮ ਤੇ ਮੁਲਜ਼ਮ ਕਾਰ ਚਾਲਕ ਦੀ ਰਣਜੀਤ ਸਿੰਘ ਉਰਫ਼ ਰਾਣਾ ਵੀ ਪਿੰਡ ਪੰਡੋਰੀ ਖਾਸ ਦੇ ਰਹਿਣ ਵਾਲੇ ਹਨ। ਕਾਰ ਚਾਲਕ ਗੰਭੀਰ ਜ਼ਖ਼ਮੀ ਹੈ ਤੇ ਜਲੰਧਰ ਦੇ ਹਸਪਤਾਲ 'ਚ ਜ਼ੇਰੇ ਇਲਾਜ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਮਿ੍ਤਕ ਮੋਟਰਸਾਈਕਲ ਸਵਾਰ ਜਗਦੀਪ ਸਿੰਘ ਦੇ ਭਰਾ ਸੁਖਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਪੰਡੋਰੀ ਨੇ ਬਿਆਨ ਦਰਜ ਕਰਵਾਏ ਕਿ ਉਸਦਾ ਭਰਾ ਜਗਦੀਪ ਸਿੰਘ ਉਰਫ ਦੀਪਾ (40) ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਸੀ। ਐਤਵਾਰ ਨੂੰ ਸਵੇਰੇ ਉਹ ਤੇ ਉਸਦਾ ਭਤੀਜਾ ਹਰਪ੍ਰਰੀਤ ਸਿੰਘ ਪੁੱਤਰ ਪਵਿੱਤਰ ਸਿੰਘ ਵਾਸੀ ਪੰਡੋਰੀ ਆਪਣੇ ਖੇਤ ਪੰਡੋਰੀ ਤੋਂ ਤਲਵੰਡੀ ਸੰਘੇੜਾ ਰੋਡ ਵੱਲ ਜਾ ਰਹੇ ਸੀ ਤੇ ਉਸਦਾ ਭਰਾ ਜਗਦੀਪ ਸਿੰਘ ਆਪਣੇ ਮੋਟਰਸਾਈਕਲ 'ਤੇ ਅੱਗੇ ਤਲਵੰਡੀ ਸੰਘੇੜਾ ਵੱਲ ਜਾ ਰਿਹਾ ਸੀ। ਉਨ੍ਹਾਂ ਦੇ ਪਿੱਛੇ ਪੰਡੋਰੀ ਵਾਲੇ ਪਾਸਿਓਂ ਇਕ ਚਿੱਟੇ ਰੰਗ ਦੀ ਕਾਰ ਬਹੁਤ ਤੇਜ਼ ਰਫਤਾਰ ਨਾਲ ਉਨ੍ਹਾਂ ਵੱਲ ਆਈ ਤੇ ਉਨ੍ਹਾਂ ਛਾਲ ਮਾਰ ਕੇ ਆਪਣਾ ਬਚਾਅ ਕੀਤਾ ਤੇ ਮੈਂ ਦੇਖਿਆ ਕਿ ਇਸ ਕਾਰ ਨੂੰ ਰਣਜੀਤ ਸਿੰਘ ਉਰਫ਼ ਰਾਣਾ ਪੁੱਤਰ ਮੋਹਨ ਸਿੰਘ ਵਾਸੀ ਪੰਡੋਰੀ ਚਲਾ ਰਿਹਾ ਸੀ। ਉਨ੍ਹਾਂ ਦੇ ਹੀ ਪਿੰਡ ਦੇ ਪਿਆਰਾ ਲਾਲ ਦਾ ਪੁੱਤਰ ਰਾਮ ਪਾਲ ਉਰਫ਼ ਰਾਮਾ ਕਾਰ 'ਚ ਉਸ ਦੇ ਨਾਲ ਬੈਠਾ ਸੀ। ਉਕਤ ਰਣਜੀਤ ਸਿੰਘ ਨੇ ਜਾਣਬੁੱਝ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸਦੇ ਭਰਾ ਜਗਦੀਪ ਸਿੰਘ ਜੋ ਕਿ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ, ਨੂੰ ਜਾਣਬੁੱਝ ਕੇ ਟੱਕਰ ਮਾਰ ਕੇ ਕਾਰ ਨਾਲ ਉਸਨੂੰ ਕੁਚਲ ਦਿੱਤਾ ਤੇ ਕਾਰ ਨੂੰ ਉਸੇ ਸੜਕ 'ਤੇ ਤੇਜ਼ ਰਫਤਾਰ ਨਾਲ ਮੌਕੇ ਤੋਂ ਭਜਾ ਲਿਆ। ਅੱਗੇ ਜਾ ਰਹੀ ਇਕ ਹੋਰ ਕਾਰ ਨੂੰ ਵੀ ਟੱਕਰ ਮਾਰ ਦਿੱਤੀ ਤੇ ਰਣਜੀਤ ਸਿੰਘ ਦੀ ਕਾਰ ਸੰਤੁਲਨ ਗੁਆ ਬੈਠੀ ਤੇ ਤੇਜ ਰਫਤਾਰ ਰਣਜੀਤ ਸਿੰਘ ਦੀ ਕਾਰ ਦਰੱਖਤ ਨਾਲ ਟਕਰਾ ਗਈ। ਉਨ੍ਹਾਂ ਦੇ ਪਰਿਵਾਰ ਦੀ ਰਣਜੀਤ ਸਿੰਘ ਤੇ ਉਸ ਦੇ ਪਰਿਵਾਰ ਨਾਲ ਕਾਫੀ ਸਮੇਂ ਤੋਂ ਦੁਸ਼ਮਣੀ ਸੀ, ਇਸੇ ਰੰਜਿਸ਼ ਕਾਰਨ ਰਣਜੀਤ ਸਿੰਘ ਉਰਫ਼ ਰਾਣਾ ਨੇ ਜਾਣਬੁੱਝ ਕੇ ਉਸਦੇ ਭਰਾ ਜਗਦੀਪ ਸਿੰਘ ਨੂੰ ਆਪਣੀ ਕਾਰ ਹੇਠ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਥਾਣਾ ਸਿਟੀ ਪੁਲਿਸ ਦੇ ਇੰਚਾਰਜ ਨੇ ਦੱਸਿਆ ਕਿ ਮਿ੍ਤਕ ਦੇ ਭਰਾ ਜਗਦੀਪ ਸਿੰਘ ਦੇ ਬਿਆਨਾਂ 'ਤੇ ਕਾਰ ਚਾਲਕ ਰਣਜੀਤ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 302, 427 ਤਹਿਤ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ ਤੇ ਕਾਰ ਹਾਦਸੇ 'ਚ ਮਰਨ ਵਾਲੇ ਰਣਜੀਤ ਦੀ ਕਾਰ 'ਚ ਸਫ਼ਰ ਕਰ ਰਹੇ ਨੌਜਵਾਨ ਰਾਮ ਪਾਲ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਮੁਲਜ਼ਮ ਕਾਰ ਚਾਲਕ ਰਣਜੀਤ ਖ਼ਿਲਾਫ਼ ਧਾਰਾ 304 ਏ ਜੋੜ ਦਿੱਤੀ ਗਈ ਹੈ। ਕਾਰ ਚਾਲਕ ਰਣਜੀਤ ਸਿੰਘ ਵਾਸੀ ਪੰਡੋਰੀ ਖਾਸ ਗੰਭੀਰ ਜ਼ਖ਼ਮੀ ਹੋ ਗਿਆ ਤੇ ਹਸਪਤਾਲ 'ਚ ਜ਼ੇਰੇ ਇਲਾਜ ਹੈ।