ਰਾਜਪੁਰਾ : ਪ੍ਰਸ਼ਾਸਨਿਕ ਸੁਧਾਰਾਂ ਬਾਰੇ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਰਾਜਪੁਰਾ ਅਤੇ ਪਟਿਆਲਾ ਦੇ ਸੇਵਾ ਕੇਂਦਰਾਂ ਦਾ ਜਾਇਜ਼ਾ ਲੈਂਦਿਆਂ ਆਪਣੇ ਕੰਮਾਂ-ਕਾਰਾਂ ਲਈ ਇੱਥੇ ਆਏ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਲੋਕਾਂ ਲਈ ਸੁਵਿਧਾ ਦੀ ਥਾਂ ਦੁਵਿਧਾ ਬਣ ਚੁੱਕੇ ਸੇਵਾ ਕੇਂਦਰਾਂ ਦੀ ਕਾਰਜਪ੍ਰਣਾਲੀ ਵਿੱਚ ਵਿਆਪਕ ਸੁਧਾਰ ਕਰਦੇ ਹੋਏ ਇੱਥੇ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਨਵੀਂਆਂ ਪਹਿਲਕਦਮੀਆਂ ਕੀਤੀਆਂ ਹਨ।ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਸੂਬੇ ਦੇ ਸਾਰੀਆਂ ਵਿਭਾਗੀ ਸੇਵਾਵਾਂ ਦੀ ਕੀਤੀ ਜਾ ਰਹੀ ਡਿਜ਼ੀਟਲਾਈਜੇਸ਼ਨ ਤਹਿਤ ਸੇਵਾ ਕੇਂਦਰਾਂ ਵੱਲੋਂ ਵੀ 183 ਸੇਵਾਵਾਂ ਲੋਕਾਂ ਨੂੰ ਫੋਨ ਉਪਰ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਨਾਲ ਇੱਕੋ ਕੰਮ ਲਈ ਸੇਵਾ ਕੇਂਦਰਾਂ ਦੇ ਕਈ-ਕਈ ਗੇੜੇ ਲੱਗਣੇ ਬੰਦ ਹੋਣ ਕਰਕੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾਂ ਹੈ ਕਿ ਲੋਕਾਂ ਦੀ ਸਰਕਾਰ, ਲੋਕਾਂ ਦੇ ਦੁਆਰ ਹੋਵੇ, ਇਸ ਲਈ ਉਹ ਖ਼ੁਦ ਸੇਵਾ ਕੇਂਦਰਾਂ ਦਾ ਨਿਰੰਤਰ ਦੌਰਾ ਕਰਕੇ ਲੋਕਾਂ ਦੀ ਫੀਡਬੈਕ ਲੈ ਰਹੇ ਹਨ।ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਨੇ ਇੱਕ ਨਿਵੇਕਲੀ ਪਹਿਲਕਦਮੀ ਕਰਕੇ ਵਿਦਿਆਰਥੀਆਂ ਨੂੰ ਆਪਣੇ ਦਾਖਲਿਆਂ ਲਈ ਲੋੜੀਂਦੇ ਸਰਟੀਫਿਕੇਟਾਂ ਦੇ ਲਿੰਕ ਵਟਸਐਪ ਉਪਰ ਭੇਜਣੇ ਸ਼ੁਰੂ ਕੀਤੇ ਹਨ, ਜਿਸ ਨਾਲ ਵਿਦਿਆਰਥੀਆਂ ਦਾ ਸੇਵਾ ਕੇਂਦਰਾਂ ਵਿਖੇ ਵਾਰ-ਵਾਰ ਚੱਕਰ ਲਗਾਉਣ ਦਾ ਝੰਜਟ ਹੀ ਮੁਕਾ ਦਿੱਤਾ ਗਿਆ ਹੈ।ਉਨ੍ਹਾਂ ਹੋਰ ਦੱਸਿਆ ਕਿ ਭਗਵੰਤ ਮਾਨ ਸਰਕਾਰ ਨੇ ਪਹਿਲੇ ਪੜਾਅ ਹੇਠ 6 ਸੇਵਾਵਾਂ, ਲੋਕਾਂ ਦੇ ਆਮਦਨ ਤੇ ਸੰਪਤੀ, ਸਰਟੀਫਿਕੇਟ, ਪੇਂਡੂ ਖੇਤਰ ਸਰਟੀਫਿਕੇਟ, ਜਨਮ ਸਰਟੀਫਿਕੇਟ ਵਿੱਚ ਨਾਮ ਜੋੜਨਾ, ਜਨਰਲ ਜਾਤੀ ਸਰਟੀਫਿਕੇਟ ਤੇ ਸੀਨੀਅਰ ਸਿਟੀਜ਼ਨ ਸਨਾਖ਼ਤੀ ਕਾਰਡ ਲਈ ਫਾਰਮ ਭਰਨ ਕਰਕੇ ਹੁੰਦੀ ਖੱਜਲ ਖੁਆਰੀ ਵਾਲੀ ਪ੍ਰਣਾਲੀ ਖਤਮ ਕਰਕੇ ਕੇਵਲ ਆਨ-ਲਾਈਨ ਫਾਰਮ ਭਰਨ ਦੀ ਨਵੀਂ ਪ੍ਰਣਾਲੀ ਸ਼ੁਰੂ ਕਰਕੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ, ਜਿਸ ਨਾਲ ਪੈਸੇ ਅਤੇ ਸਮੇਂ ਦੀ ਬਰਬਾਦੀ ਬੰਦ ਹੋਈ ਹੈ।ਮੀਤ ਹੇਅਰ ਨੇ ਅੱਗੇ ਕਿਹਾ ਕਿ ਪਿਛਲੇ ਦੋ-ਚਾਰ ਦਿਨਾਂ ਦੇ ਅੰਦਰ-ਅੰਦਰ 46 ਹਜ਼ਾਰ ਤੋਂ ਵਧੇਰੇ ਸਰਟੀਫਿਕੇਟਸ ਲੋਕਾਂ ਦੇ ਫੋਨਾਂ ਉਪਰ ਮੁਹੱਈਆ ਕਰਵਾਏ ਗਏ ਗਏ ਹਨ, ਜਿਸ ਕਰਕੇ 90 ਲੱਖ ਪੇਪਰ ਵੀ ਇੱਕ ਸਾਲ ਵਿੱਚ ਬਚੇਗਾ ਅਤੇ ਲੋਕਾਂ ਨੂੰ ਵੱਡਾ ਫਾਇਦਾ ਪੁੱਜੇਗਾ। ਇਸ ਤੋਂ ਬਿਨ੍ਹਾਂ ਟੋਕਨ ਸਿਸਟਮ ਵਿੱਚ ਵੀ ਵਿਆਪਕ ਸੁਧਾਰ ਕੀਤਾ ਗਿਆ ਹੈ।ਇਸ ਦੌਰਾਨ ਸੇਵਾ ਕੇਂਦਰਾਂ ਵਿਖੇ ਪ੍ਰਦਾਨ ਹੋ ਰਹੀਆਂ ਸੇਵਾਵਾਂ ਤੋਂ ਰਾਹਤ ਮਹਿਸੂਸ ਕਰਦੇ ਹੋਏ ਅਤੇ ਖੁਸ਼ ਨਜ਼ਰ ਆਏ ਲੋਕਾਂ ਨੇ ਮੀਤ ਹੇਅਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਡਿਜ਼ੀਟਲ ਸਾਈਨ ਸਰਟੀਫਿਕੇਟ ਉਨ੍ਹਾਂ ਦੇ ਫੋਨ ਉਪਰ ਹੀ ਪ੍ਰਾਪਤ ਹੋ ਗਿਆ ਹੈ।ਜਦੋਂਕਿ ਕੁਝ ਬਜ਼ੁਰਗਾਂ ਦਾ ਕਹਿਣਾ ਸੀ ਕਿ ਅਸਲ ਪ੍ਰਸ਼ਾਸਨਿਕ ਸੁਧਾਂਰ ਕਰਾਂਤੀ ਤਾਂ ਭਗਵੰਤ ਮਾਨ ਸਰਕਾਰ ਨੇ ਲਿਆਂਦੀ ਹੈ, ਕਿਉਂਕਿ ਅੱਜ ਜਦੋਂ ਉਹ ਆਪਣੇ ਕੰਮਾਂ-ਕਾਰਾਂ ਲਈ ਇੱਥੇ ਫਾਰਮ ਭਰਨ ਲੱਗੇ ਤਾਂ ਬਿਨ੍ਹਾਂ ਫਾਰਮ ਭਰੇ ਕੇਵਲ ਇੱਕ ਦਸਤਖ਼ਤ ਕਰਕੇ ਉਨ੍ਹਾਂ ਨੂੰ ਲੋੜੀਂਦੇ ਸਰਟੀਫਿਕੇਟ ਬਿਨ੍ਹਾਂ ਖੱਜਲਖੁਆਰੀ ਤੁਰੰਤ ਪ੍ਰਾਪਤ ਹੋ ਗਏ ਹਨ। ਇਸ ਤੋਂ ਬਿਨ੍ਹਾਂ ਕੁਝ ਲੋਕਾਂ ਨੇ ਆਪਣੇ ਬਿਜਲੀ ਬਿਲ ਜ਼ੀਰੋ ਆਉਣ ਲਈ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀ ਮੀਤ ਹੇਅਰ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ, ਡਾਇਰੈਕਟਰ ਪ੍ਰਸ਼ਾਸਕੀ ਸੁਧਾਰ ਗਿਰੀਸ਼ ਦਿਆਲਨ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਦੀਪਕ ਪਾਰੀਕ, ਏ.ਡੀ.ਸੀ. ਈਸ਼ਾ ਸਿੰਘਲ, ਐਸ.ਡੀ.ਐਮਜ਼ ਡਾ. ਇਸਮਤ ਵਿਜੇ ਸਿੰਘ ਤੇ ਡਾ. ਸੰਜੀਵ ਕੁਮਾਰ ਅਤੇ ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ ਵੀ ਮੌਜੂਦ ਸਨ।