- ਪੰਜਾਬ ਆਗਾਮੀ ਸਮੇਂ ਵਿੱਚ ਬਾਗਬਾਨੀ ਉਤਪਾਦਾਂ ਦੀ ਸਿੱਧੀ ਬਰਾਮਦ ਕਰੇਗਾ: ਚੇਤਨ ਸਿੰਘ ਜੌੜਾਮਾਜਰਾ
ਚੰਡੀਗੜ੍ਹ, 5 ਮਈ : ਪੰਜਾਬ ਦੇ ਕਿਸਾਨਾਂ ਦੇ ਆਰਥਿਕ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਹੋਰ ਵਿਸ਼ੇਸ਼ ਕਦਮ ਚੁੱਕਦਿਆਂ ਬਾਗਬਾਨੀ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਬਾਗਬਾਨੀ ਫ਼ਸਲਾਂ ਖਾਸ ਕਰਕੇ ਆਲੂ, ਕਿੰਨੂ, ਮਿਰਚ ਅਤੇ ਲੀਚੀ ਦੀ ਬਰਾਮਦ ਨੂੰ ਉਤਸ਼ਾਹਿਤ ਕਰਨ ਦੀਆਂ ਸੰਭਾਵਨਾਵਾਂ ਅਤੇ ਹੋਰ ਬਾਗਬਾਨੀ ਫਸਲਾਂ ਦੇ ਮਿਆਰੀ ਉਤਪਾਦਨ, ਮੰਡੀਕਰਨ ਅਤੇ ਪ੍ਰੋਸੈਸਿੰਗ ਬਾਰੇ ਵਿਚਾਰ-ਵਟਾਂਦਰਾ ਕਰਨ ਸਬੰਧੀ ਮੀਟਿੰਗ ਕੀਤੀ। ਮੰਤਰੀ ਵੱਲੋਂ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ-ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅਗਾਂਹਵਧੂ ਕਿਸਾਨਾਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਅਤੇ ਕਿਸਾਨਾਂ ਨੇ ਇਨ੍ਹਾਂ ਬਾਗਬਾਨੀ ਫਸਲਾਂ ਦੀ ਬਰਾਮਦ ਸਬੰਧੀ ਸੰਭਾਵਨਾਵਾਂ ਅਤੇ ਭਵਿੱਖੀ ਮੁਸ਼ਕਿਲਾਂ ਦੇ ਹੱਲ ਸਬੰਧੀ ਸੁਝਾਅ ਵੀ ਦਿੱਤੇ। ਇਸ ਮੀਟਿੰਗ ਵਿੱਚ ਅਗਾਂਹਵਧੂ ਕਿਸਾਨ ਪਰਦੀਪ ਕੁਮਾਰ, ਬਲਵਿੰਦਰ ਸਿੰਘ, ਹਰਦੀਪ ਸਿੰਘ ਘੱਗਾ, ਪਵਨ ਜੋਤ ਸਿੰਘ ਅਤੇ ਹੋਰ ਅਗਾਂਹਵਧੂ ਕਿਸਾਨ ਵੀ ਹਾਜ਼ਰ ਸਨ। ਜੌੜਾਮਾਜਰਾ ਨੇ ਬਰਾਮਦ ਲਈ ਵੱਖ-ਵੱਖ ਬਾਗਬਾਨੀ ਫਸਲਾਂ ਦੀ ਮਹੱਤਤਾ ਅਤੇ ਵਿਭਾਗ ਵੱਲੋਂ ਅਪਣਾਈ ਜਾ ਰਹੀ ਕਲੱਸਟਰ ਪਹੁੰਚ ਦੇ ਲਾਭਾਂ ਬਾਰੇ ਦੱਸਿਆ। ਉਨ੍ਹਾਂ ‘ਫੇਜ਼’ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸਥਾਪਤ ਕੀਤੇ ਗਏ ਮਿਰਚ ਕਲੱਸਟਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਪੰਜਾਬ ਵੱਲੋਂ ਆਲੂ, ਮਿਰਚ, ਕਿੰਨੂ ਅਤੇ ਲੀਚੀ ਦੀ ਬਰਾਮਦ ਦੀ ਸੰਭਾਵਨਾ ਦੱਸਦਿਆਂ ਉਨ੍ਹਾਂ ਨੇ ਆਗਾਮੀ ਸਮੇਂ ਵਿੱਚ ਪੰਜਾਬ ਦੀਆਂ ਹੋਰ ਪ੍ਰਮੁੱਖ ਫ਼ਸਲਾਂ ਨੂੰ ਕਲੱਸਟਰ ਪਹੁੰਚ ਅਧੀਨ ਲਿਆਉਣ ਦਾ ਵਿਚਾਰ ਪੇਸ਼ ਕੀਤਾ। ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਕਿਸਾਨਾਂ ਨੇ ਆਪੋ-ਆਪਣੇ ਖੇਤਰ ਵਿੱਚ ਬੀਜੀਆਂ ਫ਼ਸਲਾਂ ਦੇ ਮੰਡੀਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਦਿਆਂ ਮੰਤਰੀ ਨੂੰ ਇਨ੍ਹਾਂ ਮਸਲਿਆਂ ਦੇ ਹੱਲ ਲਈ ਬੇਨਤੀ ਕੀਤੀ। ਕਿਸਾਨਾਂ ਨੇ ਬਾਗਬਾਨੀ ਉਤਪਾਦਾਂ ਦੀ ਬਰਾਮਦ ਵਿੱਚ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ ਦੱਸਿਆ, ਜਿਸ ਵਿੱਚ ਮਿਰਚ ਅਤੇ ਆਲੂ ਦੀਆਂ ਢੁੱਕਵੀਆਂ ਕਿਸਮਾਂ, ਮਿਰਚਾਂ ਲਈ ਕੋਲਡ ਸਟੋਰੇਜ ਅਤੇ ਸੁਕਾਉਣ ਦੀਆਂ ਸਹੂਲਤਾਂ, ਅਮਰੂਦ ਅਤੇ ਮਿਰਚ ਲਈ ਪ੍ਰੋਸੈਸਿੰਗ ਬੁਨਿਆਦੀ ਢਾਂਚਾ ਵਰਗੀਆਂ ਸਮੱਸਿਆਵਾਂ ਸ਼ਾਮਲ ਸਨ। ਉਨ੍ਹਾਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਬਰਾਮਦ ਸਹੂਲਤਾਂ ਵਧਾਉਣ ਦਾ ਮੁੱਦਾ ਵੀ ਉਠਾਇਆ। ਮੀਟਿੰਗ ਵਿੱਚ ਦੁਬਈ ਦੇ ਵਪਾਰੀਆਂ ਅਤੇ ਨਿਰਯਾਤਕਾਂ ਦਾ ਇੱਕ ਵਫ਼ਦ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਸਿੱਧੇ ਮੰਡੀਕਰਨ ਵਿੱਚ ਸਹਾਇਤਾ ਦੇਣ ਲਈ ਅੱਗੇ ਆਇਆ। ਜੌੜਾਮਾਜਰਾ ਨੇ ਕਿਸਾਨਾਂ ਨੂੰ ਵਫ਼ਦ ਨਾਲ ਸਿੱਧਾ ਵਿਚਾਰ-ਵਟਾਂਦਰਾ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਦੁਬਈ ਦੇ ਰਸਤੇ ਤੋਂ ਸਿੱਧਾ ਅੰਤਰਰਾਸ਼ਟਰੀ ਮੰਡੀ ਵਿੱਚ ਬਰਾਮਦ ਕਰ ਸਕਣ। ਵਫ਼ਦ ਦੇ ਮੈਂਬਰ ਬਾਗਬਾਨੀ ਖੇਤਰ ਵਿੱਚ ਪੰਜਾਬ ਸਰਕਾਰ ਦੇ ਯਤਨਾਂ ਤੋਂ ਬਹੁਤ ਪ੍ਰਭਾਵਿਤ ਹੋਏ। ਇਸ ਮੌਕੇ ਅਧਿਕਾਰੀਆਂ ਅਤੇ ਉੱਦਮੀਆਂ ਨੇ ਨਿਰਯਾਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਸੁਝਾਅ ਵੀ ਦਿੱਤੇ। ਮੀਟਿੰਗ ਵਿੱਚ ਮੰਤਰੀ ਨੇ ਮਿਰਚਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਵੱਲੋਂ ਚਲਾਈ ਜਾ ਰਹੀ ਕਲੱਸਟਰ ਪਹੁੰਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਸਟਰ ਪਹੁੰਚ ਨੂੰ ਲਾਗੂ ਕਰਨ ਨਾਲ ਕਿਸਾਨ ਆਪਣੀਆਂ ਫ਼ਸਲਾਂ ਦੀ ਪੈਦਾਵਾਰ ਵਿੱਚ ਵਾਧਾ ਕਰ ਸਕਦੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਵਧੀਆ ਕੀਮਤ ਵੀ ਮਿਲੇਗੀ ਅਤੇ ਉਹ ਦੂਰ-ਦੁਰਾਡੇ ਦੇ ਬਾਜ਼ਾਰਾਂ ਵਿੱਚ ਆਪਣੀ ਉਪਜ ਵੇਚਣ ਦੇ ਯੋਗ ਹੋ ਜਾਣਗੇ। ਬਾਗਬਾਨੀ ਵਿਭਾਗ ਦੇ ਡਾਇਰੈਕਟਰ ਸ਼ੈਲੇਂਦਰ ਕੌਰ ਨੇ ਮੌਜੂਦਾ ਉਤਪਾਦਨ ਅਤੇ ਉਤਪਾਦਨ ਵਧਾਉਣ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਵਿਭਾਗ ਵੱਲੋਂ ਇਸ ਮੰਤਵ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਦੱਸਿਆ। ਬਾਗਬਾਨੀ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਨਿਰਯਾਤ ਸਹੂਲਤਾਂ ਵਧਾਉਣ ਵਾਸਤੇ ਕਿਸਾਨਾਂ ਦਾ ਪੂਰਾ ਸਮਰਥਨ ਕਰੇਗੀ।