ਕੇਜਰੀਵਾਲ ਦੇ ਸਾਬਕਾ ਓਐਸਡੀ ਵੈਭਵ ਕੁਮਾਰ ਨੂੰ ਦਿੱਤੀ ਜੈੱਡ ਪਲੱਸ ਸਕਿਊਰਿਟੀ ਵਾਪਸ ਲਈ ਜਾਵੇ : ਮਜੀਠੀਆ

  • ਸਰਕਾਰ ਗੈਂਗਸਟਰਾਂ ’ਤੇ ਨਕੇਲ ਪਾਉਣ ਵਿਚ ਅਸਫਲ : ਮਜੀਠੀਆ

ਚੰਡੀਗੜ੍ਹ, 20 ਜਨਵਰੀ 2025 : ਪੰਜਾਬ ਦੇ ਦਿਨ ਬਦਿਨ ਵਿਗੜ ਰਹੇ ਹਲਾਤਾਂ ਵੱਲ ਧਿਆਨ ਦੇਣ ਦੀ ਬਜਾਏ ਸੂਬਾ ਸਰਕਾਰ ਆਪਣੇ ਆਕਾ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਬਕਾ ਓਐਸਡੀ ਵੈਭਵ ਕੁਮਾਰ ਨੂੰ ਦਿੱਤੀ ਜੈੱਡ ਪਲੱਸ ਸਕਿਊਰਿਟੀ ਨੂੰ ਵਾਪਸ ਲੈਣ ਦੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਹੈ। ਸ਼ੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਇੱਕ ਵੀਡੀਓ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵੈਭਵ ਕੁਮਾਰ ਜੋ ਜੇਲ੍ਹ ਵਿੱਚ ਵੀ ਰਹਿ ਕੇ ਆਇਆ ਹੈ, ਜਿਸ ਨੇ ਪਾਰਲੀਮੈਂਟ ਮੈਂਬਰ ਸਵਾਤੀ ਮਾਲੀਵਾਲ ਨਾਲ ਮਾੜਾ ਸਲੂਕ ਕੀਤਾ ਸੀ, ਜੋ ਦਿੱਲੀ ਦਾ ਰਹਿਣ ਵਾਲਾ ਹੈ, ਜਿਸ ਤੇ ਧੀਆਂ – ਭੈਣਾਂ ਦੇ ਬਦਸਲੂਕੀ ਦੇ ਇਲਜ਼ਾਮ ਲੱਗੇ ਹੋਣ ਉਸ ਇਨਸਾਨ ਨੂੰ ਪੰਜਾਬ ਸਰਕਾਰ ਵੱਲੋਂ ਜੈੱਡ ਪਲੱਸ ਸਕਿਊਰਿਟੀ ਦੇਵੇਗੀ, ਪੰਜਾਬ ਦੇ ਖਜਾਨੇ ਤੇ ਵੱਡਾ ਡਾਕਾ ਹੈ। ਮਜੀਠੀਆ ਨੇ ਕਿਹਾ ਕਿ ਬਿਭਵ ਕੁਮਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਬਿਭਵ ਕੁਮਾਰ ਦਿੱਲੀ ਰਹਿੰਦੇ ਹਨ ਤਾਂ ਉਹਨਾਂ ਦੀ ਸੁਰੱਖਿਆ ਦਾ ਮਾਮਲਾ ਦਿੱਲੀ ਪੁਲਿਸ ਵੇਖ ਸਕਦੀ ਹੈ। ਉਹਨਾਂ ਕਿਹਾਕਿ  ਉਹਨਾਂ ਨੂੰ ਸੱਤ ਸੁਰੱਖਿਆ ਕਮਰੀ ਵੀ 24 ਘੰਟੇ ਮੁਹੱਈਆ ਕਰਵਾਉਣਾ ਕਿਸੇ ਵੀ ਤਰੀਕੇ ਵਾਜਬ ਨਹੀਂ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਗ੍ਰਹਿ ਮੰਤਰੀ ਹੋਣ ਦੇ ਨਾਅਤੇ ਇਹ ਫੈਸਲਾ ਕਿਉਂ ਲਿਆ। ਉਹਨਾਂ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਟੈਕਸ ਦਾਤਾਵਾਂ ਨੂੰ ਸੁਰੱਖਿਆ ਕਵਚ ਤੇ ਸੁਰੱਖਿਆ ਪ੍ਰਦਾਨ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਗੈਂਗਸਟਰਾਂ ’ਤੇ ਨਕੇਲ ਪਾਉਣ ਵਿਚ ਵੀ ਅਸਫਲ ਰਹੀ ਹੈ ਤੇ ਅਤਿਵਾਦੀ ਗਤੀਵਿਧੀਆਂ ਵੀ ਨਿਰੰਤਰ ਵੱਧ ਰਹੀਆਂ ਹਨ। ਉਹਨਾਂ ਕਿਹਾ ਕਿ ਜੇਲ੍ਹਾਂ ਤਾਂ ਅਪਰਾਧੀਆਂ ਵਾਸਤੇ ਸੁਰੱਖਿਅਤ ਸਵਰਗ ਬਣ ਗਈਆਂ ਹਨ ਜਿਥੋਂ ਉਹ ਆਪਣੀਆਂ ਅਪਰਾਧਿਕ ਗਤੀਵਿਧੀਆਂ ਚਲਾਉਂਦੇ ਹਨ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਮੁੱਖ ਮੰਤਰੀ ਨੂੰ ਪੁਲਿਸ ਡਿਊਟੀਆਂ ਵਾਸਤੇ ਭਰਤੀ ਅਮਲੇ ਨੂੰ ਇਸ ਤਰੀਕੇ ਸਿਰਫ ਆਪਣੇ ਆਕਾ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਤਾਇਨਾਤ ਕਰਨਾ ਸੋਭਦਾ ਨਹੀਂ ਹੈ। ਉਹਨਾਂ ਨੇ ਪੰਜਾਬ ਪੁਲਿਸ ਨੂੰ ਵੀ ਅਪੀਲ ਕੀਤੀ ਕਿ ਉਹ ਇਹਨਾਂ ਗਲਤ ਫੈਸਲਿਆਂ ਦਾ ਬਾਈਕਾਟ ਕਰੇ।