ਚੰਡੀਗੜ੍ਹ, 27 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਬਿਹਤਰੀਨ, ਸੁਖਾਲੀਆਂ ਤੇ ਪਾਰਦਰਸ਼ੀ ਸੇਵਾਵਾਂ ਦੇਣ ਦੇ ਟੀਚੇ ਤਹਿਤ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਦੀ ਅਗਵਾਈ ਹੇਠ ਅੱਜ ਸਮੂਹ ਪ੍ਰਬੰਧਕੀ ਸਕੱਤਰਾਂ ਨਾਲ ਮੀਟਿੰਗ ਕੀਤੀ। ਮੁੱਖ ਸਕੱਤਰ ਸ੍ਰੀ ਜੰਜੂਆ ਨੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਆਮ ਆਦਮੀ ਨੂੰ ਸੁਖਾਲੇ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਕੇ ਉਨ੍ਹਾਂ ਦੇ ਜੀਵਨ ਨੂੰ ਆਸਾਨ ਬਣਾਉਣ ਲਈ ਮਿਲ ਕੇ ਕੰਮ ਕਰਨ। ਸਾਰੇ ਵਿਭਾਗ ਹਰ ਤਰ੍ਹਾਂ ਦੀ ਬੇਲੋੜੀ ਦਸਤਾਵੇਜ਼ੀ ਪ੍ਰਕਿਰਿਆ ਨੂੰ ਹਟਾਉਣ ਲਈ ਕੰਮ ਕਰਨਗੇ ਅਤੇ ਨਾਗਰਿਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰਕਿਰਿਆ ਵਿੱਚ ਸੁਧਾਰ ਲਿਆਉਣਗੇ। ਸੂਬਾ ਸਰਕਾਰ ਵੱਲੋਂ ਨਾਗਰਿਕਾਂ ਨੂੰ ਨਿਰਵਿਘਨ ਅਤੇ ਸਮਾਂਬੱਧ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵਿੱਚ ਅਮਿਤ ਢਾਕਾ, ਵਰਿੰਦਰ ਸ਼ਰਮਾ, ਕੁਮਾਰ ਅਮਿਤ ਅਤੇ ਗਿਰੀਸ਼ ਦਿਆਲਨ ਸਮੇਤ ਰਾਜ ਦੇ ਸੀਨੀਅਰ ਆਈਏਐਸ ਅਧਿਕਾਰੀਆਂ ਦਾ ਇੱਕ ਸਮਰਪਿਤ ਗਵਰਨੈਂਸ ਸੈੱਲ ਸਥਾਪਤ ਕੀਤਾ ਗਿਆ ਹੈ। ਟੀਮ ਪ੍ਰਕਿਰਿਆਵਾਂ ਦੇ ਅਧਿਐਨ ਲਈ ਵਿਭਾਗਾਂ ਨਾਲ ਤਾਲਮੇਲ ਕਰੇਗੀ ਅਤੇ ਦੂਜੇ ਰਾਜਾਂ/ਦੇਸ਼ਾਂ ਦੇ ਬਿਹਤਰ ਅਭਿਆਸਾਂ ਨੂੰ ਧਿਆਨ ਵਿੱਚ ਰੱਖਦਿਆਂ ਲੋੜੀਂਦੇ ਸੁਧਾਰਾਂ ਦਾ ਪ੍ਰਸਤਾਵ ਦੇਵੇਗੀ। ਅਮਿਤ ਢਾਕਾ ਨੇ ਗਵਰਨੈਂਸ ਸੈੱਲ ਦੇ ਕੰਮਕਾਜ ਨੂੰ ਅੱਗੇ ਵਧਾਉਣ ਬਾਰੇ ਵਿਸਥਾਰਤ ਪੇਸ਼ਕਾਰੀ ਦਿੱਤੀ ਅਤੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ। ਇਹ ਦੱਸਿਆ ਗਿਆ ਕਿ ਗਵਰਨੈਂਸ ਸੈੱਲ ਹਰੇਕ ਵਿਭਾਗ ਨਾਲ ਤਾਲਮੇਲ ਕਰੇਗਾ, ਇਸ ਦਾ ਅਧਿਐਨ ਕਰੇਗਾ ਅਤੇ ਜੀਵਨਸ਼ੈਲੀ ਨੂੰ ਸੁਖਾਲਾ ਬਣਾਉਣ ਦੇ ਸਪੱਸ਼ਟ ਉਦੇਸ਼ ਨਾਲ ਪ੍ਰਕਿਰਿਆਵਾਂ ਨੂੰ ਸਰਲ ਬਣਾਏਗਾ। ਇਸ ਮੌਕੇ ਇਹ ਵੀ ਦੱਸਿਆ ਗਿਆ ਕਿ ਸਾਰੀਆਂ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਹਿੱਤ ਪੰਜਾਬ ਦੇ ਕੁਨੈਕਟ ਪੋਰਟਲ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੇਵਾ ਕੇਂਦਰਾਂ, ਸਾਂਝ ਕੇਂਦਰਾਂ, ਫਰਦ ਕੇਂਦਰਾਂ ਆਦਿ ਵਰਗੀਆਂ ਸਾਰੀਆਂ ਥਾਵਾਂ ਦਾ ਆਧੁਨਿਕ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਨਾਲ ਨਵੀਨੀਕਰਨ ਕੀਤਾ ਜਾਵੇਗਾ ਤਾਂ ਜੋ ਬਿਹਤਰ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੂਬੇ ਦੇ ਸਾਰੇ ਪ੍ਰਸ਼ਾਸਨਿਕ ਸਕੱਤਰ ਹਾਜ਼ਰ ਸਨ।