ਜਲੰਧਰ : ਪੰਜਾਬ ਕਲਾ ਪਰਿਸ਼ਦ ਵਲੋਂ ਮਹਾਨ ਪੰਜਾਬੀ ਕਿੱਸਾਕਾਰ ਸਈਅਦ ਵਾਰਿਸ ਸ਼ਾਹ ਦੀ ਤੀਸਰੀ ਜਨਮ ਸ਼ਤਾਬਦੀ ਦੇ ਸੰਬੰਧ ਵਿੱਚ ''ਹੀਰ ਵਾਰਿਸ ਗਾਇਨ ਮੁਕਾਬਲਾ'' ਕਰਵਾਇਆ ਜਾ ਰਿਹਾ ਹੈ। ਇਸ ਆਨ-ਲਾਈਨ ਮੁਕਾਬਲੇ ਵਿੱਚ 35 ਸਾਲ ਤੱਕ ਦੀ ਉਮਰ ਵਾਲਾ ਕੋਈ ਵੀ ਗਾਇਕ ਹਿੱਸਾ ਲੈ ਸਕਦਾ ਹੈ। ਇਹ ਜਾਣਕਾਰੀ ਅੱਜ ਇਥੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਇਕ ਪ੍ਰੈੱਸ ਕਾਨਫ਼ਰੰਸ ਵਿੱਚ ਦਿੱਤੀ। ਉਨ੍ਹਾਂ ਦੇ ਨਾਲ ਪਰਿਸ਼ਦ ਦੇ ਉੱਪ-ਚੇਅਰਮੈਨ ਡਾ. ਯੋਗਰਾਜ, ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਅਤੇ ਮੁਕਾਬਲੇ ਦੇ ਕਨਵੀਨਰ ਡਾ.ਨਿਰਮਲ ਜੋੜਾ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਦੁਨੀਆ ਭਰ ਵਿੱਚੋਂ ਕੋਈ ਵੀ ਗਾਇਕ ਹੀਰ ਵਾਰਿਸ ਦੇ ਕਿਸੇ ਵੀ ਬੰਦ ਦੀ ਰਿਕਾਰਡਿੰਗ ਕਰਕੇ 31 ਅਕਤੂਬਰ, 2022 ਤੱਕpunjabarts28@gmail.com ਉੱਤੇ ਈਮੇਲ ਕਰ ਸਕਦੇ ਹਨ। ਇਹ ਵੀਡੀਓ ਰਿਕਾਰਡਿੰਗ ਵੱਧ ਤੋਂ ਵੱਧ ਪੰਜ ਮਿੰਟ ਤੱਕ ਦੀ ਹੋਣੀ ਚਾਹੀਦੀ ਹੈ।ਇਨ੍ਹਾਂ ਰਿਕਾਰਡਿੰਗਜ਼ ਵਿੱਚੋਂ ਪਹਿਲੇ ਦਸ ਸਥਾਨ ਹਾਸਲ ਕਰਨ ਵਾਲੇ ਗਾਇਕਾਂ ਦਾ ਪਰਿਸ਼ਦ ਵੱਲੋਂ ਕੀਤੇ ਜਾਣ ਵਾਲੇ ਇਕ ਰਾਜ ਪੱਧਰੀ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਏਗਾ। ਇਹਨਾਂ ਨੂੰ ਆਪਣੀ ਗਾਇਕੀ ਪੇਸ਼ ਕਰਨ ਦਾ ਮੌਕਾ ਵੀ ਦਿੱਤਾ ਜਾਵੇਗਾ। ਜੇਕਰ ਕੋਈ ਵਿਦੇਸ਼ ਵਸਦਾ ਗਾਇਕ ਇਨ੍ਹਾਂ ਦਸਾਂ ਵਿੱਚ ਆਵੇਗਾ, ਤਾਂ ਉਸ ਦੀ ਵੀਡੀਓ ਰਿਕਾਰਡਿੰਗ ਸਮਾਗਮ ਵਿੱਚ ਦਿਖਾਈ ਜਾਵੇਗੀ।ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਗਾਇਕਾਂ ਨੂੰ ਕਰਮਵਾਰ ਇਕ ਲੱਖ, ਪੰਜਾਹ ਹਜ਼ਾਰ ਅਤੇ ਤੀਹ ਹਜ਼ਾਰ ਰੁਪਏ ਦੇ ਨਕਦ ਇਨਾਮ ਵੀ ਦਿੱਤੇ ਜਾਣਗੇ।ਡਾਕਟਰ ਪਾਤਰ ਨੇ ਦੱਸਿਆ ਕਿ ਹੋਰ ਜਾਣਕਾਰੀ ਲਈ ਇਸ ਮੁਕਾਬਲੇ ਦੇ ਕਨਵੀਨਰ ਡਾ.ਨਿਰਮਲ ਜੌੜਾ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।