ਲੁਧਿਆਣਾ : ਗਿਆਸਪੁਰਾ (ਲੁਧਿਆਣਾ) ਵਿੱਚ ਅੱਜ ਸਵੇਰੇ ਇੱਕ ਫੈਕਟਰੀ ਵਿੱਚ ਗੈਸ ਲੀਕ ਹੋ ਗਈ। ਗੈਸ ਲੀਕ ਹੋਣ ਕਾਰਨ ਕੁਝ ਲੋਕਾਂ ਦੀ ਹਾਲਤ ਵੀ ਵਿਗੜ ਗਈ ਪਰ ਉਨ੍ਹਾਂ ਨੂੰ ਸਮੇਂ ਸਿਰ ਰੈਸਕਿਊ ਕਰ ਲਿਆ ਗਿਆ। ਗੈਸ ਲੀਕ ਹੁੰਦੇ ਹੋਈ ਲੋਕਾਂ ਵਿੱਚ ਭਾਜੜਾਂ ਪੈ ਗਈਆਂ। ਗੈਸ ਲੀਕ ਹੋਣ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਇਹ ਘਟਨਾ ਲਕਸ਼ਮੀ ਮੈਡੀਕਲ ਗੈਸ ਏਜੰਸੀ ਨੇੜੇ ਸਤਨਾਮ ਕਾਂਤਾ ਦੀ ਦੱਸੀ ਜਾ ਰਹੀ ਹੈ। ਗੈਸ ਲੀਕ ਹੋਣ ਦੀ ਸੂਚਨਾ ਤੁਰੰਤ ਇਲਾਕਾ ਪੁਲਿਸ ਅਤੇ ਐਂਬੂਲੈਂਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੇ ਗੈਸ ਲੀਕ ਵਾਲੀ ਥਾਂ ਨੂੰ ਫਿਲਹਾਲ ਸੀਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਲਾਕੇ ‘ਚ ਸਥਿਤੀ ਅਜੇ ਕਾਬੂ ਹੇਠ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਫੈਕਟਰੀ ਤੋਂ ਗੈਸ ਲੀਕ ਹੋਈ ਹੈ, ਉਹ ਆਕਸੀਜਨ ਬਣਾਉਣ ਵਾਲੀ ਫੈਕਟਰੀ ਹੈ। ਇਹ ਘਟਨਾ ਫੈਕਟਰੀ ਵਿੱਚ ਪਾਈਪ ਫਟਣ ਕਾਰਨ ਵਾਪਰੀ। ਮਿਲੀ ਜਾਣਕਾਰੀ ਮੁਤਾਬਕ ਗਿਆਸਪੁਰਾ ਇਲਾਕੇ ਵਿੱਚ ਵੈਲਟੇਕ ਇੰਡਸਟਰੀ ਵਿੱਚ ਆਕਸੀਜਨ ਤਿਆਰ ਕੀਤੀ ਜਾਂਦੀ ਹੈ। CO2 ਗੈਸ ਦਾ ਟੈਂਕਰ ਮੰਗਲਵਾਰ ਸਵੇਰੇ ਆਇਆ ਸੀ। ਅਚਾਨਕ ਗੈਸ ਲੀਕ ਹੋਣ ਲੱਗੀ ਅਤੇ ਭਗਦੜ ਮਚ ਗਈ, ਜਿਸ ਤੋਂ ਬਾਅਦ ਫੈਕਟਰੀ ਨੂੰ ਖਾਲੀ ਕਰਵਾ ਲਿਆ ਗਿਆ, ਆਲੇ-ਦੁਆਲੇ ਦੇ ਇਲਾਕੇ ਨੂੰ ਵੀ ਖਾਲੀ ਕਰਵਾ ਲਿਆ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਪਹਿਲਾਂ ਕੁਝ ਵੀ ਕਹਿਣਾ ਕਾਹਲੀ ਹੋਵੇਗੀ।