ਲੁਧਿਆਣਾ :ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਲੁਧਿਆਣਾ ਵੱਸਦੇ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਕਾਵਿ ਪੁਸਤਕ ਸੁਰਖ਼ ਸਮੁੰਦਰ ਦਾ ਚੌਥਾ ਐਡੀਸ਼ਨ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਤੇ ਫ਼ਰੀਦਕੋਟ ਦੀ ਡਿਪਟੀ ਕਮਿਸ਼ਨਰ ਡਾ ਰੂਹੀ ਦੁੱਗ ਸਮੇਤ ਪੰਜਾਬੀ ਲੇਖਕਾਂ ਪ੍ਰੋ ਰਵਿੰਦਰ ਭੱਠਲ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਭਾਸ਼ਾ ਵਿਭਾਗ ਦੀ ਡਾਇਰੈਕਟਰ ਡਾ ਵੀਰਪਾਲ ਕੌਰ, ਜ਼ਿਲ੍ਹਾ ਮਾਲ ਅਫ਼ਸਰ ਡਾ ਅਜੀਤਪਾਲ ਸਿੰਘ ਚਾਹਲ,ਵਿਜੈ ਵਿਵੇਕ, ਹਰਮੀਤ ਵਿਦਿਆਰਥੀ, ਮਨਜਿੰਦਰ ਧਨੋਆ ਤੇ ਤ੍ਰੈਲੋਚਨ ਲੋਚੀ ਨੇ ਲੋਕ ਅਰਪਨ ਕੀਤਾ। ਬਾਬਾ ਫ਼ਰੀਦ ਯਾਦਗਾਰੀ ਮੇਲੇ ਦੇ ਕਵੀ ਦਰਬਾਰ ਤੋਂ ਬਾਦ ਇਸ ਪੁਸਤਕ ਨੂੰ ਲੋਕ ਅਰਪਨ ਕਰਦਿਆਂ ਡਾ ਸੁਰਜੀਤ ਪਾਤਰ ਨੇ ਕਿਹਾ ਕਿ ਇਹ ਪੁਸਤਕ 1992 ਵਿੱਚ ਪਹਿਲੀ ਵਾਰ ਛਪੀ ਸੀ ਜਿਸ ਬਾਰੇ ਮੈਂ ਉਦੋਂ ਲਿਖਿਆ ਸੀ ਕਿ ਗੁਰਭਜਨ ਗਿੱਲ ਦੀ ਪੰਜਾਬੀ ਗ਼ਜ਼ਲ ਦੇ ਪਿੰਡ ਪਰਾਣ ਨੂੰ ਪੰਜਾਬੀਪਨ ਦਾ ਜਾਮਾ ਪਹਿਨਾਉਣ ਦੀ ਕੋਸ਼ਿਸ਼ ਬੜੀ ਉੱਘੜਵੀਂ ਤੇ ਮੁੱਲਵਾਨ ਹੈ। ਗੁਰਭਜਨ ਗਿੱਲ ਦੀ ਗ਼ਜ਼ਲ ਤਰਾਸ਼ੀ ਹੋਈ ਸਲੀਕੇ ਵਾਲੀ ਸੰਤੁਲਤ ਗ਼ਜ਼ਲ ਹੈ। ਗੁਰਭਜਨ ਗਿੱਲ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਉਨ੍ਹਾਂ ਦੀ ਕਾਵਿ ਪੁਸਤਕ ਸੁਰਖ਼ ਸਮੁੰਦਰ ਦਾ ਚੌਥਾ ਸੰਸਕਰਨ ਡਾ ਸੁਰਜੀਤ ਪਾਤਰ ਤੇ ਡਿਪਟੀ ਕਮਿਸ਼ਨਰ ਸਾਹਿਬਾ ਡਾ ਰੂਹੀ ਦੁੱਗ ਤੋਂ ਲੋਕ ਅਰਪਨ ਕਰਵਾਉਣ ਦਾ ਮਾਣ ਦਿੱਤਾ ਹੈ। ਉਨ੍ਹਾਂ ਹਿੰਦ ਪਾਕਿ ਰਿਸ਼ਤਿਆਂ ਤੇ ਵਿਸ਼ਵ ਵਿਆਪੀ ਪੰਜਾਬੀ ਭਾਈਚਾਰਕ ਸ਼ਕਤੀ ਨੂੰ ਸਮਰਪਿਤ ਪੁਸਤਕ ਖ਼ੈਰ ਪੰਜਾਂ ਪਾਣੀਆਂ ਦੀ ਦੀਆਂ 25 ਕਾਪੀਆਂ ਸਥਾਨਕ ਲੇਖਕਾਂ ਤੇ ਕਵੀ ਦਰਬਾਰ ਵਿੱਚ ਸ਼ਾਮਿਲ ਕਵੀਆਂ ਨੂੰ ਪੜ੍ਹਨ ਹਿਤ ਦਿੱਤੀਆਂ। ਇਸ ਮੌਕੇ ਐੱਸ ਐੱਸ ਪੀ ਫ਼ਰੀਦਕੋਟ ਰਾਜਪਾਲ ਸਿੰਘ ਸੰਧੂ, ਭਾਸ਼ਾ ਵਿਭਾਗ ਦੇ ਸਹਾਇਕ ਨਿਰਦੇਸ਼ਕ ਸਤਨਾਮ ਸਿੰਘ, ਡਾ ਸੰਤੋਖ ਸਿੰਘ ਸੁਖੀ, ਪੰਜਾਬੀ ਕਵੀ ਡਾ਼ ਗੁਰਮੀਤ ਸਿੰਘ ਕੱਲਰਮਾਜਰੀ, ਪ੍ਰਿੰਸੀਪਲ ਸੇਵਾ ਸਿੰਘ ਚਾਵਲਾ, ਪੰਜਾਬੀ ਲੋਕ ਗਾਇਕ ਹਰਿੰਦਰ ਸੰਧੂ, ਕੁਲਵਿੰਦਰ ਕੰਵਲ, ਜਗਤਾਰ ਸਿੰਘ ਸੋਖੀ, ਗੁਰਚਰਨ ਸਿੰਘ ਭੰਗੜਾ ਕੋਚ, ਸ਼ਮਿੰਦਰ ਕੌਰ ਬਰਾੜ,ਗੁਰਚਰਨ ਗਿੱਲ,ਪਵਨ ਸ਼ਰਮਾ ਸੁੱਖਣਵਾਲਾ, ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ, ਸਰਬਜੀਤ ਕੌਰ ਜੱਸ, ਕੁਲਵਿੰਦਰ ਬੱਛੋਆਣਾ, ਦੀਪਕ ਸ਼ਰਮਾ ਚਨਾਰਥਲ, ਸੁਨੀਲ ਚੰਦਿਆਣਵੀ, ਮਨਜਿੰਦਰ ਗੋਲ੍ਹੀ, ਸੁਰਿੰਦਰਪ੍ਰੀਤ ਘਣੀਆ, ਵਰਿੰਦਰ ਸਿੰਘ ਔਲਖ ਹਾਜ਼ਰ ਸਨ। ਪੰਜਾਬੀ ਕਵੀ ਤੇ ਰੰਗਕਰਮੀ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਨੇ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ।