ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਅੱਜ ਪਹਿਲੀਵਾਰ ਬਿਆਨ ਸਾਹਮਣੇ ਆਇਆ ਹੈ, ਸਾਬਕਾ ਮੁੱਖ ਮੰਤਰੀ ਚੰਨੀ ਨੇ ਵਿਦੇਸ਼ੀ ਧਰਤੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਜਦੋਂ ਮਰਜ਼ੀ ਉਸ ਨਾਲ ਸੰਪਰਕ ਕਰ ਸਕਦੇ ਹਨ, ਉਨ੍ਹਾਂ ਦਾ ਮੋਬਾਈਲ ਫ਼ੋਨ 24 ਘੰਟੇ ਖੁੱਲ੍ਹਾ ਰਹਿੰਦਾ ਹੈ ਅਤੇ ਉਹ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਨ। ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਿਅੰਗਮਈ ਲਹਿਜ਼ੇ ਵਿੱਚ ਕਿਹਾ ਸੀ ਕਿ ਬਹੁਤ ਸਾਰੀਆਂ ਫ਼ਾਈਲਾਂ ਤੇ ਚੰਨੀ ਦੇ ਦਸਤਖ਼ਤ ਹਨ, ਜਿਨ੍ਹਾਂ ਫ਼ੈਸਲਿਆਂ ਬਾਰੇ ਉਹ ਚੰਨੀ ਤੋਂ ਪੁੱਛਣਾ ਚਾਹੁੰਦੇ, ਪਰ ਚੰਨੀ ਪਤਾ ਨਹੀਂ ਕਿੱਥੇ ਗਵਾਚ ਗਏ ਹਨ। ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਗੱਲ ਦਾ ਜਵਾਬ ਦਿੰਦਿਆਂ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਜਾਂ ਫਿਰ ਮੁੱਖ ਮੰਤਰੀ ਵੱਲੋਂ ਕੋਈ ਅਜਿਹਾ ਸੁਨੇਹਾ ਜਾਂ ਲਿਖਤੀ ਸੰਦੇਸ਼ ਨਹੀਂ ਮਿਲਿਆ, ਜਿਸ ਰਾਹੀਂ ਕਿਸੇ ਫ਼ਾਈਲ ਬਾਰੇ ਕੋਈ ਜਾਣਕਾਰੀ ਮੰਗੀ ਗਈ ਹੋਵੇ। ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ, ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਭਲੇ ਲਈ 150 ਤੋਂ ਵੱਧ ਫਾਈਲਾਂ ’ਤੇ ਦਸਤਖ਼ਤ ਕਰ ਕੇ ਫ਼ੈਸਲੇ ਕੀਤੇ, ਜਿਨ੍ਹਾਂ ਵਿੱਚੋਂ ਬਿਜਲੀ ਦੇ ਤਿੰਨ ਰੁਪਏ ਪ੍ਰਤੀ ਯੂਨਿਟ ਦਰਾਂ ਘਟਾਉਣ ਦਾ ਵੀ ਸ਼ਾਮਲ ਸੀ। ਪਰ ਹੁਣ ਉਨ੍ਹਾਂ ਨੂੰ ਨਹੀਂ ਪਤਾ ਕਿ, ਮੁੱਖ ਮੰਤਰੀ ਭਗਵੰਤ ਮਾਨ ਕਿਹੜੀ ਫ਼ਾਈਲ ਦੀ ਜਾਣਕਾਰੀ ਲੈਣੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਫ਼ੋਨ 24 ਘੰਟੇ ਖੁੱਲ੍ਹਾ ਹੈ, ਜਦੋਂ ਮਰਜ਼ੀ ਸੰਪਰਕ ਕਰ ਕੇ ਕੋਈ ਵੀ ਜਾਣਕਾਰੀ ਮੁੱਖ ਮੰਤਰੀ ਜਾਂ ਸਰਕਾਰ ਲੈ ਸਕਦੀ ਹੈ।