ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਅਪ੍ਰੈਂਟਿਸ ਲਾਈਨਮੈਨਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਕੀਤੇ ਵਾਅਦੇ ਮੁਤਾਬਕ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ 9ਪੀ ਐਸ ਪੀ ਸੀ ਐਲ0 ਵਿਚ ਪੁਰਾਣੇ ਨਿਯਮਾਂ ਅਨੁਸਾਰ ਨੌਕਰੀਆਂ ਦੇਵੇ ਤੇ ਉਹਨਾਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਆਦਰਸ਼ਾਂ ’ਤੇ ਪੂਰਨ ਰੂਪ ਵਿਚ ਚੱਲਣ ਅਤੇ ਜ਼ਬਰ ਨਾਲ ਲੋਕਤੰਤਰੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾ ਕਰਨਸਾਬਕਾ ਮੰਤਰੀ, ਜਿਹਨਾਂ ਨੇ ਇਥੇ ਪਿੰਡ ਭੇਡਪੁਰਾ ਵਿਚ ਬਿਜਲੀ ਦੀ ਟਾਵਰ ’ਤੇ ਚੜ੍ਹੇ ਅਪ੍ਰੈਂਟਿਸ ਲਾਈਨਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਪੂਰੇ ਸਫੇ ਦੇ ਇਸ਼ਤਿਹਾਰ ਤਾਂ ਛਪਵਾ ਰਹੇ ਹਨ ਪਰ ਸ਼ਹੀਦ ਨਾਲ ਜੁੜੇ ਆਦਰਸ਼ਾਂ ਦੀ ਪਾਲਣਾ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਅਪ੍ਰੈਂਟਿਸ ਲਾਈਨਮੈਨ, ਪੀ ਟੀ ਆਈ ਅਧਿਆਪਕ ਤੇ ਸਹਾਇਕ ਪ੍ਰੋਫੈਸਰ ਜਦੋਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਵਿਚ ਉਹਨਾਂ ਨੁੰ ਕੀਤੇ ਵਾਅਦੇ ਯਾਦ ਕਰਵਾਉਣ ਦਾ ਯਤਨ ਕਰਦੇ ਹਨ ਤਾਂ ਉਹਨਾ ਨੂੰ ਬੇਰਹਿਮੀ ਨਾਲ ਮਾਰਿਆ ਕੁੱਟਿਆ ਜਾਂਦਾ ਹੈ ਤੇ ਜ਼ਲੀਲ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਆਪਣੀ ਅੰਤਰ ਆਤਮਾ ’ਤੇ ਛਾਤ ਮਾਰਨ ਅਤੇ ਦੱਸਣ ਕਿ ਕੀ ਇਹ ਸ਼ਹੀਦ ਦਾ ਜਨਮ ਦਿਹਾੜਾ ਮਨਾਉਣ ਦਾ ਤਰੀਕਾ ਹੈ ਕਿ ਸਮਾਜ ਵਿਚ ਆਪਣੇ ਹੱਕ ਮੰਗਣ ਵਾਲੇ ਬੇਰੋਜ਼ਗਾਰ ਵਰਗਾਂ ’ਤੇ ਤਸ਼ੱਦਦ ਢਾਹਿਆ ਜਾਵੇ। ਸਮਾਜ ਦੇ ਸਾਰੇ ਵਰਗਾਂ ਨੂੰ ਧੋਖਾ ਨਾ ਦੇਵੇ। ਉਹਨਾਂ ਕਿਹਾ ਕਿ ਬਜਾਏ ਬੇਰੋਜ਼ਗਾਰ ਨੌਜਵਾਨਾਂ, ਕਿਸਾਨਾਂ, ਮੁਲਾਜ਼ਮਾਂ ਤੇ ਇੰਡਸਟਰੀ ਦੇ ਹਾਲਾਤ ’ਤੇ ਚਰਚਾ ਕਰਨ ਦੇ, ਆਪ ਸਰਕਾਰ ਵਿਸ਼ਵਾਸ ਮਤੇ ਪੇਸ਼ ਕਰਨ ਤੇ ਇਹਨਾਂ ’ਤੇ ਚਰਚਾ ਕਰਨ ਵਿਚ ਮਸ਼ਰੂਫ ਹੈ। ਉਹਨਾਂ ਕਿਹਾ ਕਿ ਅਜਿਹਾ ਸਿਰਫ ਸ੍ਰੀ ਅਰਵਿੰਦ ਕੇਜਰੀਵਾਲ ਦੇ ਏਜੰਡੇ ਨੂੰ ਪੂਰਾ ਕਰਨ ਵਾਸਤੇ ਕੀਤਾ ਜਾ ਰਿਹਾ ਹੈ ਕਿਉਂਕਿ ਸ੍ਰੀ ਕੇਜਰੀਵਾਲ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਬਦਲ ਵਜੋਂ ਪੇਸ਼ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਸੱਦਣ ’ਤੇ ਇਕ ਦਿਨ ਵਿਚ ਇਕ ਕਰੋੜ ਰੁਪਏ ਖਰਚਾ ਆਉਂਦਾ ਹੈ ਤੇ ਇਹ ਪੈਸਾ ਆਪ ਕੋਲੋਂ ਵਸੂਲਿਆ ਜਾਣਾ ਚਾਹੀਦਾ ਹੈ ਕਿਉਂਕਿ ਇਸਨੇ ਆਪਣੇ ਸਿਆਸੀ ਏਜੰਡੇ ਦੀ ਪੂਰਤੀ ਵਾਸਤੇ ਜਨਤਕ ਪੈਸਾ ਬਰਬਾਦ ਕੀਤਾ ਹੈ। ਇਸ ਮੌਕੇ ਸੀਨੀਅਰ ਆਗੂ ਸਰਦਾਰ ਸੁਰਜੀਤ ਸਿੰਘ ਰੱਖੜਾ, ਸਰਦਾਰ ਇਕਬਾਲ ਸਿੰਘ ਝੂੰਦਾਂ, ਜਸਪਾਲ ਸਿੰਘ ਬਿੱਟੂ ਚੱਠਾ ਤੇ ਵਿੰਨਰਜੀਤ ਗੋਲਡੀ ਵੀ ਸਰਦਾਰ ਮਜੀਠੀਆ ਦੇ ਨਾਲ ਮੌਜੂਦ ਸਨ।