ਜਲੰਧਰ, 1 ਜਨਵਰੀ : ਜਲੰਧਰ ਦੇ ਕਸਬਾ ਆਦਮਪੁਰ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਹੀ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਮਰਨ ਵਾਲਿਆਂ 'ਚ ਆਦਮਪੁਰ ਦੇ ਪਿੰਡ ਡਰੋਲੀ ਖੁਰਦ ਦਾ ਰਹਿਣ ਵਾਲਾ ਮਨਮੋਹਨ ਸਿੰਘ (55), ਉਸ ਦੀ ਪਤਨੀ ਸਰਬਜੀਤ ਕੌਰ, ਵੱਡੀ ਬੇਟੀ ਪ੍ਰਭਜੋਤ ਕੌਰ ਉਰਫ ਜੋਤੀ (32), ਛੋਟੀ ਬੇਟੀ ਗੁਰਪ੍ਰੀਤ ਕੌਰ ਉਰਫ ਗੋਪੀ (31) ਅਤੇ ਜੋਤੀ ਦੀ ਬੇਟੀ ਅਮਨ (3) ਸ਼ਾਮਲ ਹਨ। ਅੱਜ ਸੋਮਵਾਰ ਨੂੰ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਜਲੰਧਰ ਦੇ ਸਿਵਲ ਹਸਪਤਾਲ 'ਚ ਕੀਤਾ ਜਾਵੇਗਾ। ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਮਨਮੋਹਨ ਸਿੰਘ ਆਦਮਪੁਰ ਸਥਿਤ ਡਾਕਖਾਨੇ ਵਿੱਚ ਪੋਸਟ ਮਾਸਟਰ ਵਜੋਂ ਕੰਮ ਕਰਦਾ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਿੰਡ ਦੇ ਹੀ ਦੋ ਵਿਅਕਤੀ ਕਰਜ਼ੇ ਨੂੰ ਲੈ ਕੇ ਪੀੜਤ ਨੂੰ ਕਾਫੀ ਪ੍ਰੇਸ਼ਾਨ ਕਰ ਰਹੇ ਸਨ। ਪੁਲਿਸ ਉਨ੍ਹਾਂ ਤੋਂ ਵੀ ਪੁੱਛਗਿੱਛ ਕਰੇਗੀ। ਮ੍ਰਿਤਕ ਮਨਮੋਹਨ ਸਿੰਘ ਦੇ ਜਵਾਈ ਸਰਬਜੀਤ ਸਿੰਘ ਨੇ ਦਸਿਆ ਕਿ ਕਿ ਉਹ ਕਾਫੀ ਸਮੇਂ ਤੋਂ ਫੋਨ ਕਰ ਰਿਹਾ ਸੀ ਪਰ ਪ੍ਰਵਾਰ ਵਿਚੋਂ ਕਿਸੇ ਨੇ ਫੋਨ ਨਹੀਂ ਚੁੱਕਿਆ ਜਦੋਂ ਉਸ ਨੇ ਪਿੰਡ ਡਰੋਲੀ ਖੁਰਦ ਆ ਕੇ ਦੇਖਿਆ ਤਾਂ ਮਨਮੋਹਨ ਅਤੇ ਸਰਬਜੀਤ ਕੌਰ ਦੀਆਂ ਲਾਸ਼ਾਂ ਪੱਖਿਆਂ ਨਾਲ ਲਟਕ ਰਹੀਆਂ ਸਨ ਤੇ ਬਾਕੀ ਮ੍ਰਿਤਕਾਂ ਦੀਆਂ ਲਾਸ਼ਾਂ ਮੰਜੇ ’ਤੇ ਪਈਆਂ ਸਨ।