ਚੰਡੀਗੜ੍ਹ, 13 ਫਰਵਰੀ : ਪੰਜਾਬ ਪੁਲਿਸ ਨੂੰ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਹੈ ਜਿਸ ਦੇ ਬਾਅਦ ਸਾਵਧਾਨੀ ਵਰਤਦਿਆਂ ਦੂਜੇ ਸੂਬਿਆਂ ਤੋਂ ਪੰਜਾਬ ਵੱਲ ਆਉਣ ਵਾਲੇ ਰਸਤਿਆਂ ‘ਤੇ ਨਾਕਿਆਂ ਨੂੰ ਵਧਾ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਰਸਤਿਆਂ ‘ਤੇ ਸ਼ੱਕੀ ਗੱਡੀਆਂ ਦੀ ਚੈਕਿੰਗ ਨੂੰ ਵੀ ਵਧਾਇਆ ਗਿਆ ਹੈ। ਖੁਫੀਆ ਏਜੰਸੀਆਂ ਨੇ ਟਾਰਗੈੱਟ ਕਿਲਿੰਗ ਦੀ ਸ਼ੰਕਾ ਜ਼ਾਹਿਰ ਕੀਤੀ ਹੈ। ਖੁਫੀਆ ਏਜੰਸੀਆਂ ਤੋਂ ਪੰਜਾਬ ਪੁਲਿਸ ਨੂੰ ਮਿਲੇ ਅਲਰਟ ਮੁਤਾਬਕ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨੇ ਪੰਜਾਬ ਵਿਚ ਦਹਿਸ਼ਤ ਫੈਲਾਉਣ ਲਈ ਨਵੀਂ ਰਣਨੀਤੀ ਤਿਆਰ ਕੀਤੀ ਹੈ। ਸਿੱਖ ਅੱਤਵਾਦੀ ਸੰਗਠਨਾਂ ਦੇ ਸਹਿਯੋਗ ਨਾਲ ਟਾਰਗੈੱਟ ਕਿਲਿੰਗ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜਿਸ ਦੇ ਬਾਅਦ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ, ਹਰਿਆਣਾ ਤੇ ਰਾਜਸਥਾਨ ਤੋਂ ਆਉਣ ਵਾਲੇ ਰਸਤਿਆਂ ‘ਤੇ ਚੌਕਸੀ ਵਧਾ ਦਿੱਤੀ ਹੈ। ਬੀਤੇ ਦਿਨੀਂ ਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਹਰਿਆਣਾ ਪੁਲਿਸ ਨੂੰ ਵੀ ਅਲਰਟ ਭੇਜਿਆ ਸੀ ਜਿਸ ਵਿਚ ਜੰਮੂ-ਕਸ਼ਮੀਰ ਦੇ ਅੱਤਵਾਦੀ ਸੰਗਠਨਾਂ ਦੇ ਨਾਲ ਮਿਲ ਕੇ ਸਿੱਖ ਰੈਡੀਕਲ ਗਰੁੱਪ ਹਰਿਆਣਾ ਦੇ ਨੌਜਵਾਨਾਂ ਨੂੰ ਵਰਗਲਾ ਰਹੇ ਹਨ। ਉਨ੍ਹਾਂ ਦਾ ਮਕਸਦ ਪੰਜਾਬ ਵਿਚ ਦਹਿਸ਼ਤ ਫੈਲਾਉਣਾ ਹੈ। ਅੱਤਵਾਦੀ ਸੰਗਠਨ ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਨੂੰ ਲਾਲਚ ਦੇ ਕੇ ਆਪਣੇ ਨਾਲ ਮਿਲਾ ਰਹੇ ਹਨ। ਉੁਨ੍ਹਾਂ ਨੂੰ ਵਿਦੇਸ਼ਾਂ ਵਿਚ ਸੈਟਲ ਕਰਨ ਤੇ ਲਗਜ਼ਰੀ ਜੀਵਨ ਲਈ ਪੈਸੇ ਦੇਣ ਦਾ ਲਾਲਚ ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਜੰਮੂ-ਕਸ਼ਮੀਰ ਤੇ ਪੰਜਾਬ ਬਾਰਡਰ ਦੇ ਰਸਤੇ ਆਈਐੱਸਆਈ ਲਗਾਤਾਰ ਹਥਿਆਰਾਂ ਦੀ ਖੇਪ ਵੀ ਭੇਜ ਰਿਹਾ ਹੈ। ਬੀਤੇ ਦਿਨੀਂ ਜੰਮੂ-ਕਸ਼ਮੀਰ ਵਿਚ ਵੀ ਟਾਰਗੈੱਟ ਕਿਲਿੰਗ ਦਾ ਵਾਧਾ ਹੋਇਆ। ਇਸ ਵਿਚ ਹਿੰਦੂਆਂ ਦੀ ਮਦਦ ਕਰਨ ਵਾਲੇ ਜਾਂ ਉਚ ਅਹੁਦਿਆਂ ‘ਤੇ ਬੈਠੇ ਹਿੰਦੂਆਂ ਨੂੰ ਟਾਰਗੈੱਟ ਕੀਤਾ ਗਿਆ। ਆਈਐੱਸਆਈ ਹੁਣ ਇਸ ਨੂੰ ਪੰਜਾਬ ਵਿਚ ਲਾਗੂ ਕਰਨ ਦੀ ਸੋਚ ਰਿਹਾ ਹੈ। ਪੰਜਾਬ ਵਿਚ ਵੀ ਅੱਤਵਾਦੀ ਸੰਗਠਨਾਂ ਨਾਲ ਮਿਲ ਕੇ ਟਾਰਗੈੱਟ ਕਿਲਿੰਗ ਲਈ ਨੌਜਵਾਨਾਂ ਨੂੰ ਉਕਸਾਇਆ ਜਾ ਰਿਹਾ ਹੈ।