ਬਟਾਲਾ, 30 ਸਤੰਬਰ 2024 : ਬਟਾਲਾ ਦੇ ਕਾਦੀਆਂ ਰੋਡ ਨੇੜੇ ਪਿੰਡ ਸ਼ਾਹਬਾਦ ਵਿਖੇ ਵਾਪਰੇ ਇਕ ਭਿਆਨਕ ਹਾਦਸੇ 'ਚ 4 ਲੋਕਾਂ ਦੀ ਮੌਤ ਤੇ 15 ਤੋਂ ਜ਼ਿਆਦਾ ਦੇ ਗੰਭੀਰ ਜ਼ਖ਼ਮੀ ਹੋਣ ਦੀ ਖਬਰ ਹੈ। ਕਾਦੀਆਂ ਤੋਂ ਬਟਾਲਾ ਵੱਲ ਨੂੰ ਆ ਰਹੀ ਇਕ ਬੱਸ ਬੇਕਾਬੂ ਹੋ ਕੇ ਸ਼ਾਹਬਾਦ ਮੋੜ ਦੇ ਬਣੇ ਉਡੀਕ ਘਰ ਦੇ ਸ਼ੈੱਡ ਨਾਲ ਜਾ ਟਕਰਾਈ। ਜਾਣਕਾਰੀ ਅਨੁਸਾਰ ਬੱਸ ਇਕ ਸਕੂਟਰੀ ਨੂੰ ਬਚਾਉਂਦੀ ਹੋਈ ਸ਼ਾਹਬਾਦ ਪਿੰਡ ਦੇ ਮੋੜ 'ਤੇ ਬਣੇ ਉਡੀਕ ਘਰ ਦੇ ਸ਼ੈੱਡ ਨਾਲ ਜਾ ਟਕਰਾਈ ਹਾਦਸਾ ਇੰਨਾ ਭਿਆਨਕ ਸੀ ਕਿ ਸ਼ੈੱਡ ਨੂੰ ਚੀਰਦਿਆਂ ਹੋਇਆਂ ਬੱਸ ਅੱਗੇ ਜਾ ਨਿਕਲੀ। ਹਾਦਸੇ ਚ ਬੱਸ ਚਾਲਕ ਸਮੇਤ ਤਿੰਨ ਜਣਿਆਂ ਦੀ ਮੌਤ ਦੀ ਗੱਲ ਕਹੀ ਜਾ ਰਹੀ ਹੈ। ਜ਼ਖਮੀਆਂ ਨੂੰ ਐਂਬੂਲੈਂਸ ਦੀ ਦੇ ਨਾਲ ਸਿਵਲ ਹਸਪਤਾਲ ਬਟਾਲਾ ਵਿਖੇ ਲਿਜਾਇਆ ਗਿਆ ਹੈ ਤੇ ਹਾਦਸੇ 'ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਬਟਾਲਾ ਦੇ ਮੋਰਚਰੀ ਵਿਖੇ ਰਖਵਾਇਆ ਜਾ ਰਿਹਾ ਹੈ। ਇਸ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਤੇ ਚਾਰ ਚੁਫੇਰੇ ਚੀਕ-ਚਿਹਾੜਾ ਪਿਆ ਹੋਇਆ ਹੈ। ਬਟਾਲਾ ਪੁਲਿਸ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਹੈ ਤੇ ਰਾਹਤ ਕਾਰਜ ਜਾਰੀ ਹਨ।
ਲੋਕਾਂ ਦੀ ਮੌਤ ਦੀ ਦੁੱਖਦਾਈ : ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਬਟਾਲਾ-ਕਾਦੀਆਂ ਰੋਡ 'ਤੇ ਇੱਕ ਬੱਸ ਹਾਦਸਾਗ੍ਰਸਤ ਹੋਈ ਹ ਜਿਸ ਵਿੱਚ ਕੁੱਝ ਲੋਕਾਂ ਦੀ ਮੌਤ ਦੀ ਦੁੱਖਦਾਈ ਖ਼ਬਰ ਮਿਲ ਰਹੀ ਹੈ ਤੇ ਕੁੱਝ ਯਾਤਰੀ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਮੈਂ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਤੇ ਅਫਸਰ ਮੌਕੇ 'ਤੇ ਪਹੁੰਚ ਗਏ ਹਨ। ਪੀੜਤ ਪਰਿਵਾਰਾਂ ਪ੍ਰਤੀ ਮੇਰੀ ਦਿਲੋਂ ਹਮਦਰਦੀ ਹੈ। ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਹੈ।