ਚੰਡੀਗੜ੍ਹ, 11 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਤਿੱਖਾ ਵਿਅੰਗ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ, ‘ਪੰਜਾਬ ਦੇ ਖ਼ਜ਼ਾਨੇ ਨੂੰ ‘ਖਾਲੀ ਪੀਪਾ’ ਬਣਾ ਕੇ 9 ਵਾਰ ਬਜਟ ਪੇਸ਼ ਕਰਨ ਵਾਲੇ, ਜਿੰਨਾ ਦੇ ਰਿਸ਼ਤੇਦਾਰਾਂ ਦੇ ਨਾਮ ਉੱਤੇ “ਟੈਕਸ” ਵਸੂਲਿਆ ਜਾਂਦਾ ਰਿਹਾ, ਨੀਲੀ ਤੋਂ ਪੀਲ਼ੀ, ਪੀਲ਼ੀ ਤੋਂ ਚਿੱਟੀ ਤੇ ਚਿੱਟੀ ਤੋਂ ਭਗਵੀਂ ਪੱਗ ਰੰਗਣ ਵਾਲੇ ਵੀ ਸਾਡੇ ਲੋਕ ਪੱਖੀ ਬਜਟ ਬਾਰੇ ਨੁਕਤਾਚੀਨੀ ਕਰ ਰਹੇ ਨੇ ਰੱਬ ਪੰਜਾਬ ਤੇ ਮੇਹਰ ਕਰੇ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਭਾਜਪਾ ਵੱਲੋਂ ਬਜਟ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਇਸ ਦੌਰਾਨ ਮਨਪ੍ਰੀਤ ਬਾਦਲ ਵੀ ਮੌਜੂਦ ਸਨ। ਮਨਪ੍ਰੀਤ ਬਾਦਲ ਨੇ ਬਜਟ ਦੀ ਨਿਖੇਧੀ ਕਰਦਿਆਂ ਨੁਕਤਾਚੀਨੀ ਕੀਤੀ ਸੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਮਨਪ੍ਰੀਤ ਬਾਦਲ ਪਹਿਲਾਂ ਅਕਾਲੀ ਦਲ ਵਿੱਚ ਰਹਿੰਦੇ ਹੋਏ ਵਿੱਤ ਮੰਤਰੀ ਰਹੇ ਸਨ। ਇਸ ਤੋਂ ਬਾਅਦ ਉਹ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ, ਕਾਂਗਰਸ ਦੀ ਸਰਕਾਰ ਸਮੇਂ ਵੀ ਉਹ ਵਿੱਤ ਮੰਤਰੀ ਰਹੇ। ਇਸ ਤੋਂ ਬਾਅਦ ਹੁਣ ਕੁਝ ਸਮਾਂ ਪਹਿਲਾਂ ਹੀ ਮਨਪ੍ਰੀਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।