- - ਪੀ.ਏ.ਯੂ. ਵਿੱਚ ਪਹਿਲੀ ਸਰਕਾਰ ਕਿਸਾਨ ਮਿਲਣੀ ਵਿੱਚ ਪੰਜਾਬ ਭਰ ਤੋਂ ਕਿਸਾਨ ਸ਼ਾਮਿਲ ਹੋਏ
- - ਨਵੇਂ ਬੀਜ, ਨਵੀਂ ਬਿਜਾਈ, ਨਵੀਂ ਸਿੰਚਾਈ ਅਤੇ ਨਵੇਂ ਮੰਡੀਕਰਨ ਨਾਲ ਨਵੀਂ ਖੇਤੀ ਸੰਭਵ : ਭਗਵੰਤ ਮਾਨ
ਲੁਧਿਆਣਾ, 12 ਫਰਵਰੀ (ਰਘਵੀਰ ਸਿੰਘ ਜੱਗਾ) : ਅੱਜ ਪੀ.ਏ.ਯੂ. ਵਿਚ ਪਹਿਲੀ ਸਰਕਾਰ ਕਿਸਾਨ ਮਿਲਣੀ ਕਰਵਾਈ ਗਈ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਜਦਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਸੇਸ ਮਹਿਮਾਨ ਵਜੋਂ ਸਾਮਿਲ ਹੋਏ| ਇਸ ਮਿਲਣੀ ਦਾ ਉਦੇਸ਼ ਪੰਜਾਬ ਦੀ ਨਵੀਂ ਖੇਤੀ ਨੀਤੀ ਬਨਾਉਣ ਲਈ ਕਿਸਾਨਾਂ ਨਾਲ ਸਲਾਹ-ਮਸ਼ਵਰਾ ਕਰਨਾ ਅਤੇ ਉਹਨਾਂ ਦੀਆਂ ਰਾਵਾਂ ਜਾਨਣਾ ਸੀ। ਇਸ ਮਿਲਣੀ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਏ। ਵੀਹ ਦੇ ਕਰੀਬ ਸਟਾਲਾਂ ਤੇ ਕਿਸਾਨਾਂ ਨੇ ਆਪਣੀ ਦਿਲਚਸਪੀ ਅਨੁਸਾਰ ਫਸਲ ਦੀ ਬਿਜਾਈ ਅਤੇ ਹੋਰ ਮੁੱਦਿਆਂ ਬਾਰੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕੀਤਾ। ਸਲਾਹ-ਮਸ਼ਵਰਾ ਹਾਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਸਟਾਲ ਤੇ ਰੁੱਕ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ, ਉਹਨਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਉਹਨਾਂ ਦੇ ਸੁਝਾਅ ਅਤੇ ਸਮੱਸਿਆਵਾਂ ਦੇ ਹੱਲ ਬਾਰੇ ਕਿਸਾਨਾਂ ਦੇ ਨਜ਼ਰੀਏ ਨੂੰ ਜਾਣਿਆ। ਬਾਅਦ ਵਿੱਚ ਮੁੱਖ ਪੰਡਾਲ ਵਿੱਚ ਪਹੁੰਚ ਕੇ ਉਹਨਾਂ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਆਪਣੇ ਭਾਸਣ ਵਿਚ ਕਿਹਾ ਕਿ ਇਸ ਮਿਲਣੀ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਵੱਖ-ਵੱਖ ਫਸਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਵੀਰ ਅਤੇ ਭੈਣਾਂ ਸ਼ਾਮਿਲ ਹੋਈਆਂ ਹਨ। ਇਹ ਆਪਣੀ ਤਰ੍ਹਾਂ ਦਾ ਇੱਕ ਨਿਵੇਕਲਾ ਤਜਰਬਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੇ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਲਾਇਆ ਹੋਣਾ ਕਿ ਇਸ ਸਮਾਗਮ ਦੀ ਰੂਪ-ਰੇਖਾ ਨੇੜਿਉਂ ਮਾਹਿਰਾਂ ਅਤੇ ਸਰਕਾਰੀ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰੇ ਵਾਲੀ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਖੇਤੀ ਸਮੱਸਿਆਵਾਂ ਬਾਰੇ ਜਾਣ ਰਹੇ ਹਾਂ ਅਤੇ ਇਹਨਾਂ ਸਮੱਸਿਆਵਾਂ ਦਾ ਹੱਲ ਕਿਸਾਨਾਂ ਦੇ ਨਜ਼ਰੀਏ ਤੋਂ ਕੱਢਣ ਲਈ ਸਰਕਾਰ ਯਤਨਸ਼ੀਲ ਹੈ। ਫਸਲ ਦੇ ਬੀਜਾਂ ਤੋਂ ਲੈ ਕੇ ਮੰਡੀਕਰਨ ਤੱਕ ਹਰ ਮੁੱਦੇ ਤੇ ਨਵੀਂ ਪਹੁੰਚ ਅਪਨਾਉਣ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਖੇਤੀ ਨੂੰ ਕਿਸਮਤ ਦੇ ਆਸਰੇ ਨਾ ਛੱਡੇ ਜਾਣ ਦਾ ਤਹੱਈਆ ਕੀਤਾ। ਉਹਨਾਂ ਕਿਹਾ ਕਿ ਨਹਿਰੀ ਪਾਣੀ, ਬਿਜਲੀ, ਸਹਾਇਕ ਕਿੱਤੇ, ਪ੍ਰੋਸੈਸਿੰਗ ਆਦਿ ਦੇ ਨਾਲ-ਨਾਲ ਮੰਡੀਕਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਖੇਤੀ ਨੂੰ ਸੰਭਵ ਬਨਾਉਣ ਲਈ ਨਵੇਂ ਬੀਜ, ਨਵੀਂ ਬਿਜਾਈ, ਨਵੀਂ ਸਿੰਚਾਈ ਤੇ ਨਵਾਂ ਮੰਡੀਕਰਨ ਢਾਂਚਾ ਉਸਾਰਨ ਦੀ ਸਰਕਾਰ ਦੀ ਕੋਸ਼ਿਸ਼ ਜਾਰੀ ਹੈ। ਫਸਲੀ ਚੱਕਰ ਬਾਰੇ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੇ ਹੁਣ ਤੱਕ ਝੋਨਾ ਪੈਦਾ ਕਰਕੇ ਆਪਣੇ ਕੁਦਰਤੀ ਸਰੋਤ ਭਾਰਤ ਨੂੰ ਦਾਨ ਕੀਤੇ ਹਨ। ਪਰ ਹੁਣ ਖੇਤੀ ਉਤਪਾਦਨ ਨੂੰ ਨਵੀਨ ਤਕਨੀਕਾਂ ਨਾਲ ਜੋੜਨਾ ਸਰਕਾਰ ਦੀ ਪਹਿਲ ਹੈ। ਉਹਨਾਂ ਨੇ ਗੰਨੇ ਦੀ ਪ੍ਰੋਸੈਸਿੰਗ, ਲੀਚੀ, ਕਿੰਨੂ, ਲਸਣ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਯੂਨਿਟ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਲਾਉਣ ਦੀਆਂ ਯੋਜਨਾਵਾਂ ਬਾਰੇ ਕਿਸਾਨਾਂ ਨੂੰ ਜਾਣੂੰ ਕਰਵਾਇਆ। ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਬਾਸਮਤੀ ਜੋ ਪੂਰੀ ਦੁਨੀਆਂ ਵਿੱਚ ਆਪਣੇ ਮਹਿਕ ਤੇ ਸਵਾਦ ਲਈ ਜਾਣੀ ਜਾਂਦੀ ਹੈ, ਨੂੰ ਹੁਲਾਰਾ ਦੇਣ ਦੀਆਂ ਕੋਸ਼ਿਸ਼ਾਂ ਜਾਰੀ ਹਨ । ਉਹਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਨਹਿਰੀ ਪਾਣੀ ਨੂੰ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਉਹਨਾਂ ਦੀ ਸਰਕਾਰ ਦੀ ਪ੍ਰਮੁੱਖਤਾ ਹੋਵੇਗੀ । ਬਿਜਲੀ ਉਤਪਾਦਨ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਲੇ ਦੀ ਸਮੱਸਿਆ ਦਾ ਹੱਲ ਕਰ ਲਿਆ ਗਿਆ ਹੈ ਅਤੇ ਖੇਤੀ ਨਾਲ ਸੰਬੰਧਿਤ ਸਭ ਖੇਤਰਾਂ ਦੇ ਪ੍ਰਬੰਧ ਵਿੱਚ ਪਾਰਦਰਸ਼ਤਾ ਲਿਆਉਣ ਦੀ ਕੋਸ਼ਿਸ਼ ਨਿਰੰਤਰ ਜਾਰੀ ਹੈ । ਭਗਵੰਤ ਮਾਨ ਨੇ ਖੇਤ ਮਜ਼ਦੂਰਾਂ ਦੀ ਬਿਹਤਰੀ ਨੂੰ ਵੀ ਸਰਕਾਰ ਦੀ ਪਹਿਲ ਦੱਸਦਿਆਂ ਇੱਛਾ ਪ੍ਰਗਟ ਕੀਤੀ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਸਭ ਤੋਂ ਵੱਧ ਖੁਸ਼ ਅਤੇ ਖੁਸ਼ਹਾਲ ਬਨਾਉਣਾ ਉਹਨਾਂ ਦੀ ਸਭ ਤੋਂ ਵੱਡੀ ਕਾਮਨਾ ਹੈ। ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ 75 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸਾਨਾਂ ਨਾਲ ਮਸ਼ਵਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਮਿਲਣੀ ਦੇ ਦੋ ਉਦੇਸ਼ ਹਨ। ਪਹਿਲਾ ਰਵਾਇਤੀ ਫਸਲ ਚੱਕਰ ਚੋਂ ਕਿਸਾਨੀ ਨੂੰ ਬਾਹਰ ਕੱਢਣ ਲਈ ਕਿਸਾਨਾਂ ਦੀਆਂ ਰਾਵਾਂ ਅਤੇ ਸੁਝਾਵਾਂ ਨੂੰ ਜਾਨਣਾ ਅਤੇ ਦੂਸਰਾ ਇਹਨਾਂ ਸੁਝਾਵਾਂ ਦੇ ਅਧਾਰ ਤੇ ਪੰਜਾਬ ਦੀ ਨਵੀਂ ਖੇਤੀ ਨੀਤੀ ਨੂੰ ਬਨਾਉਣਾ। ਖੇਤੀਬਾੜੀ ਮੰਤਰੀ ਨੇ ਪਿਛਲੇ ਸਮੇਂ ਦੌਰਾਨ ਮੌਜੂਦਾ ਸਰਕਾਰ ਵੱਲੋਂ ਖੇਤੀ ਦੀ ਬਿਹਤਰੀ ਲਈ ਕੀਤੀਆਂ ਗਈਆਂ ਸਾਰੀਆਂ ਕੋਸ਼ਿਸ਼ਾਂ ਦਾ ਵਿਸ਼ੇਸ਼ ਜ਼ਿਕਰ ਕੀਤਾ । ਉਹਨਾਂ ਕਿਹਾ ਕਿ ਫਸਲ ਖਰੀਦ ਦੀ ਫੌਰੀ ਅਤੇ ਪਾਰਦਰਸ਼ੀ ਨੀਤੀ ਬਣਾਈ ਗਈ ਹੈ। ਸਰਕਾਰ ਨੇ ਗੰਨੇ ਦਾ ਬਕਾਇਆ ਕਿਸਾਨਾਂ ਨੂੰ ਅਦਾ ਕਰ ਦਿੱਤਾ ਹੈ ਅਤੇ ਨਾਲ ਗੰਨੇ ਦੀ ਕੀਮਤ ਵਿੱਚ ਵਾਧਾ ਕੀਤਾ ਹੈ। ਕੋਸ਼ਿਸ਼ ਹੈ ਕਿ ਗੰਨੇ ਦੀ ਬਿਜਾਈ ਹੇਠ ਰਕਬੇ ਵਿੱਚ ਵਾਧਾ ਕਰਕੇ ਫਸਲੀ ਚੱਕਰ ਦਾ ਢੁੱਕਵਾਂ ਬਦਲ ਉਸਾਰਿਆ ਜਾ ਸਕੇ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਦਾ ਸੁਪਨਾ ਪੰਜਾਬ ਦੀ ਖੇਤੀ ਨੂੰ ਮੁੜ ਸਿਖਰ ਵੱਲ ਲੈ ਕੇ ਜਾਣ ਲਈ ਹਰ ਸੰਭਵ ਕੋਸ਼ਿਸ਼ ਕਰਨਾ ਹੈ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੀ.ਏ.ਯੂ. ਦੇ ਵਿਹੜੇ ਇਹ ਨਿਵੇਕਲੀ ਮਿਲਣੀ ਹੋ ਰਹੀ ਹੈ ਜਿਸ ਵਿੱਚ ਸਾਰੇ ਜ਼ਿਲ੍ਹਿਆਂ ਦੇ ਕਿਸਾਨ, ਸਰਕਾਰੀ ਅਧਿਕਾਰੀ ਅਤੇ ਖੇਤੀ ਮਾਹਿਰ ਇੱਕ-ਦੂਜੇ ਦੇ ਨਾਲ ਸਿਰ ਜੋੜ ਕੇ ਮਸ਼ਵਰਾ ਕਰ ਰਹੇ ਹਨ | ਵਾਈਸ ਚਾਂਸਲਰ ਨੇ ਪੀ.ਏ.ਯੂ. ਅਤੇ ਕਿਸਾਨਾਂ ਦੇ ਅਟੁੱਟ ਰਿਸ਼ਤੇ ਦੀ ਗੱਲ ਕਰਦਿਆਂ 1967 ਤੋਂ ਲੱਗਦੇ ਆ ਰਹੇ ਕਿਸਾਨ ਮੇਲਿਆਂ ਦਾ ਜ਼ਿਕਰ ਕੀਤਾ। ਨਾਲ ਹੀ ਉਹਨਾਂ ਨੇ ਪੀ.ਏ.ਯੂ. ਵੱਲੋਂ ਫਸਲਾਂ ਦੀਆਂ ਨਵੀਆਂ ਕਿਸਮਾਂ ਦੀ ਖੋਜ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਵੱਲ ਧਿਆਨ ਦੁਆਇਆ । ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਨੇ ਗੈਰ ਭੂਮੀ ਯੋਗ ਕਿਸਾਨਾਂ ਨੂੰ ਪ੍ਰੇਰਿਤ ਕਰਕੇ 300 ਤੋਂ ਵਧੇਰੇ ਖੇਤੀ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਵਾਏ ਹਨ | ਨਾਲ ਹੀ ਕਣਕ ਦੀ ਨਵੀਂ ਕਿਸਮ ਪੀ ਬੀ ਡਬਲਯੂ 826 ਅਤੇ ਝੋਨੇ ਦੀ ਕਿਸਮ ਪੀ ਆਰ 126 ਸਮੇਤ ਆਲੂਆਂ ਦੀਆਂ ਦੋ ਕਿਸਮਾਂ ਦਾ ਜ਼ਿਕਰ ਵੀ ਕੀਤਾ ਜੋ ਵਾਤਾਵਰਨ ਪੱਖੀ ਖੇਤੀ ਲਈ ਲਾਭਦਾਇਕ ਸਿੱਧ ਹੋਣਗੀਆਂ । ਵਾਈਸ ਚਾਂਸਲਰ ਨੇ ਕਿਸਾਨਾਂ ਤੱਕ ਖੇਤੀ ਜਾਣਕਾਰੀ ਪਹੁੰਚਾਉਣ ਲਈ ਯੂਨੀਵਰਸਿਟੀ ਵੱਲੋਂ ਅਪਣਾਏ ਜਾ ਰਹੇ ਡਿਜ਼ੀਟਲ ਮੀਡੀਆ ਮਾਧਿਅਮਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਹਨਾਂ ਨੇ ਕਿਸਾਨਾਂ ਨੂੰ ਆਉਂਦੇ ਮਾਰਚ ਦੇ ਕਿਸਾਨ ਮੇਲਿਆਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਨੇ ਜੰਗਲਾਤ ਵਿਭਾਗ ਦੀ ਲੱਕੜ ਖ੍ਰੀਦਣ ਵੇਚਣ ਲਈ ਬਣਾਈ ਐਪ ਈ-ਟਿੰਬਰ ਦਾ ਲੋਗੋ ਲੋਕ ਅਰਪਿਤ ਕੀਤਾ | ਨਾਲ ਹੀ ਉਹਨਾਂ ਨੇ ਪਨਸੀਡ ਦੀ ਸਬਜ਼ੀ ਬੀਜਾਂ ਦੀ ਕਿੱਟ ਵੀ ਜਾਰੀ ਕੀਤੀ। ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੂੰ ਯੂਨੀਵਰਸਿਟੀ ਵੱਲੋਂ ਸਨਮਾਨ ਚਿੰਨਾਂ ਨਾਲ ਨਿਵਾਜ਼ਿਆ ਗਿਆ। ਯੂਨੀਵਰਸਿਟੀ ਦੇ ਨਿਰਦੇਸਕ ਪਸਾਰ ਸਿੱਖਿਆ ਡਾ ਗੁਰਮੀਤ ਸਿੰਘ ਬੁੱਟਰ ਨੇ ਮੁੱਖ ਮੰਤਰੀ, ਖੇਤੀਬਾੜੀ ਮੰਤਰੀ, ਹੋਰ ਮੰਤਰੀਆਂ, ਵਿਧਾਇਕਾਂ, ਐੱਮ ਪੀ’ਜ਼ ਅਤੇ ਵਿਸ਼ੇਸ਼ ਤੌਰ ਤੇ ਇਸ ਮਿਲਣੀ ਵਿੱਚ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਸ਼ਾਮਿਲ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕੀਤਾ।