ਅਕਾਲੀ ਦਲ ਦੇ ਵਫਦ ਨੇ ਗੁਰਦੁਆਰਾ ਚੋਣ ਕਮਿਸ਼ਨ ਨਾਲ ਕੀਤੀ ਮੁਲਾਕਾਤ, ਐਸਜੀਪੀਸੀ ਦੀ ਵੋਟਰ ਸੂਚੀ ਨੂੰ ਲੈ ਕੇ ਜਤਾਇਆ ਇਤਰਾਜ਼

ਚੰਡੀਗੜ੍ਹ, 23 ਜਨਵਰੀ 2025 : ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਅੱਜ ਗੁਰਦੁਆਰਾ ਚੋਣ ਕਮਿਸ਼ਨ ਨੂੰ ਮਿਲਣ ਪਹੁੰਚਿਆ। ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਵੱਡੇ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਮੌਕੇ ‘ਤੇ ਮੌਜੂਦ ਰਹੇ। ਅਕਾਲੀ ਦਲ ਦੇ ਵਫ਼ਦ ਵੱਲੋਂ ਐਸਜੀਪੀਸੀ ਦੀਆਂ ਨਵੀਆਂ ਬਣੀਆਂ ਵੋਟਰ ਸੂਚੀਆਂ ‘ਚ ਹੋਈ ਵੱਡੀ ਧਾਂਦਲੀ ਦੇ ਮੁੱਦੇ ‘ਤੇ ਗੁਰਦੁਆਰਾ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਅਕਾਲੀ ਦਲ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਚੋਣਾਂ ਲਈ ਤਿਆਰ ਕੀਤੀਆਂ ਜਾ ਰਹੀਆਂ ਵੋਟਰ ਸੂਚੀਆਂ ਵਿੱਚ ਕਈ ਖਾਮੀਆਂ ਹਨ। ਜਿਸ ਸੰਬੰਧੀ ਇਹ ਮੁਲਾਕਾਤ ਕੀਤੀ ਗਈ ਹੈ ਅਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਚੋਣ ਕਮਿਸ਼ਨ ਨੂੰ ਵੋਟਰ ਸੂਚੀਆਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ। ਡਾ. ਦਲਜੀਤ ਸਿੰਘ ਚੀਮਾ ਸਮੇਤ ਆਗੂਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਵਫ਼ਦ ਵੱਲੋਂ ਵੋਟਰ ਸੂਚੀਆਂ 'ਚ ਕਥਿਤ ਧਾਂਦਲੀ ਨੂੰ ਲੈ ਕੇ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਨਾਲ ਹੀ ਵੋਟਾਂ ਬਣਾਉਣ ਲਈ ਚੋਣ ਕਮਿਸ਼ਨ ਤੋਂ 31 ਮਾਰਚ ਤੱਕ ਦੇ ਸਮੇਂ ਦੀ ਮੰਗ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਵੋਟਰ ਸੂਚੀਆਂ 'ਚ ਧਾਂਦਲੀਆਂ ਦੇ ਸਬੂਤ ਵੀ ਉਹ ਗੁਰਦੁਆਰਾ ਚੋਣ ਕਮਿਸ਼ਨ ਨੂੰ ਦਿੱਤੇ ਹਨ, ਜਿਸ ਵਿੱਚ ਪਤਿਤ ਸਿੱਖਾਂ ਦੀਆਂ ਵੋਟਾਂ ਵੀ ਬਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਧਰਮ ਦਾ ਆਪਣਾ ਮਸਲਾ ਹੈ, ਸਿੱਖ ਧਰਮ ਵਿੱਚ ਮੁੰਡੇ ਦੇ ਨਾਂ ਪਿੱਛੇ 'ਸਿੰਘ' ਅਤੇ ਕੁੜੀ ਦੇ ਨਾਂ ਪਿੱਛੇ 'ਕੌਰ' ਲਗਾਇਆ ਜਾਂਦਾ ਹੈ, ਪਰ ਵੋਟਰ ਸੂਚੀਆਂ 'ਚ ਵੋਟਾਂ ਦੇ ਪਿਛੇ ਸਿੰਘ ਜਾਂ ਕੌਰ ਨਹੀਂ ਲਗਾਇਆ ਜਾਂਦਾ। ਇਸ ਲਈ ਅਸੀਂ ਸਾਰੀਆਂ ਵੋਟਾਂ ਦੀ ਨਿਰਪੱਖ ਪੜਤਾਲ ਕਰਵਾਉਣ ਲਈ ਕਿਹਾ ਹੈ। ਆਗੂਆਂ ਨੇ ਕਿਹਾ ਕਿ ਵੋਟਰ ਸੂਚੀਆਂ 'ਚ ਵੱਡੀ ਧਾਂਦਲੀ ਹੋਈ ਹੈ। ਅਸੀਂ ਧਾਂਦਲੀਆਂ ਦੇ ਹਜ਼ਾਰਾਂ ਕੇਸਾਂ ਬਾਰੇ ਚੋਣ ਕਮਿਸ਼ਨ ਨੂੰ ਦੱਸਿਆ। ਡਾ. ਚੀਮਾ ਨੇ ਕਿਹਾ ਕਿ ਸਰਕਾਰੀ ਦਖਲ ਅੰਦਾਜ਼ੀ ਨਾਲ ਧਾਂਦਲੀਆਂ ਦੀ ਵੱਡੀ ਸਾਜਿਸ਼ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਇਸ਼ਾਰੇ 'ਤੇ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੋਟਰਾਂ ਨੂੰ ਲੈ ਕੇ ਜਾਂਦੇ ਸਨ ਪਰ ਉਸ 'ਤੇ ਇਤਰਾਜ਼ ਜਤਾਇਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਸਾਡੀ ਰਹਿਤ ਮਰਿਆਦਾ ਨੂੰ ਨਜ਼ਰ-ਅੰਦਾਜ ਕੀਤਾ ਗਿਆ ਹੈ ਅਤੇ ਸਾਡੀ ਧਾਰਮਿਕ ਆਜ਼ਾਦੀ 'ਚ ਦਖਲ ਦਿੱਤਾ ਗਿਆ ਹੈ।