ਬਾਦਲ ਪ੍ਰੀਵਾਰ ‘ਤੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਉਣ ਦੇ ਲੱਗੇ ਇਲਜ਼ਾਮਾਂ ਦੇ ਦੌਰ ਵਿੱਚ ਸਮੇਂ ਦੀ ਨਬਜ਼ ਨੂੰ ਸਮਝਦਿਆਂ ਐਨ ਮੌਕੇ ‘ਤੇ ਬਾਦਲਾਂ ਤੋਂ ਵੱਖ ਹੋ ਢੀਂਡਸਾ ਨੇ ਰਣਨੀਤੀ ਤਹਿਤ ਸੰਯੁਕਤ ਅਕਾਲੀ ਦਲ ਹੋਂਦ ਵਿੱਚ ਲਿਆਕੇ ਅਕਾਲੀ ਦਲ ਬਾਦਲ ਦੇ ਰੁੱਸੇ ਹਰ ਛੋਟੇ- ਵੱਡੇ ਲੀਡਰ ਸੰਯੁਕਤ ਅਕਾਲੀ ਦਲ ਵਿੱਚ ਸ਼ਾਮਲ ਕਰ ਲਏ । ਇੱਥੋਂ ਤੱਕ ਕਿ ਸੁਖਦੇਵ ਸਿੰਘ ਢੀਂਡਸਾ ਤੋਂ ਵੀ ਪਹਿਲਾਂ ਬਾਦਲਾਂ ਨਾਲ ਨਰਾਜ਼ ਹੋ ਅਲੱਗ ਹੋ ਕੇ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਵੀ ਆਪਣੀ ਰਣਨੀਤੀ ਤਹਿਤ ਆਪਣੇ ਨਾਲ ਰਲ਼ਾਕੇ ਬ੍ਰਹਮਪੁਰਾ ਦਾ ਅਕਾਲੀ ਦਲ ਟਕਸਾਲੀ ਭੰਗ ਕਰਵਾਕੇ ਨਵਾਂ ਅਕਾਲੀ ਦਲ “ਸੰਯੁਕਤ ਅਕਾਲੀ ਦਲ” ਬਣਾ ਲਿਆ । ਇਸ ਸਾਰੀ ਰਚੀ ਗਈ ਰਣਨੀਤੀ ਨੂੰ ਜੇਕਰ ਇੱਕ ਸਾਜਿਸ਼ ਆਖ ਦਿੱਤਾ ਜਾਵੇ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀਂ ਹੋਵੇਗੀ । ਕਿਉਂਕਿ ਬਾਦਲ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਕਾਰਨ ਲੋਕ ਉਸ ਸਮੇਂ ਬਾਦਲਾਂ ਨਾਲ ਦਿਲੋਂ ਨਾਰਾਜ਼ ਸਨ, ਜਿਸ ਕਾਰਨ ਅਕਾਲੀ ਦਲ ਬਾਦਲ ਨੂੰ ਚੋਣਾ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਸੀ । ਉਸ ਸਮੇਂ ਕੇਂਦਰ ਵਿੱਚ ਬੀਜੇਪੀ ਅਤੇ ਅਕਾਲੀ ਗੱਠਜੋੜ ਦੀ ਗੰਢ ਵੀ ਢਿੱਲੀ ਹੋਣੀ ਸ਼ੁਰੂ ਹੋ ਗਈ ਸੀ । ਉਸ ਸਮੇਂ ਇਹ ਵੀ ਆਮ ਲੋਕ ਰਾਏ ਬਣ ਗਈ ਸੀ ਕਿਉਂਕਿ ਹੁਣ ਪੰਜਾਬ ਵਿੱਚ ਬੀਜੇਪੀ ਅਕਾਲੀ ਦਲ ਬਾਦਲ ਤੋਂ ਪਾਸਾ ਵੱਟ ਲਵੇਗਾ । ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਰਾਜਨੀਤਕ ਸੂਝ ਦਾ ਲਾਹਾ ਲੈਂਦਿਆਂ ਗਰਮ ਲੋਹੇ ‘ਤੇ ਸੱਟ ਮਾਰਨਾ ਸਹੀ ਸਮਝਿਆਂ ਅਤੇ ਬਾਦਲਾਂ ਦੇ ਮੁਕਾਬਲੇ ਸੰਯੁਕਤ ਅਕਾਲੀ ਦਲ ਬਣਾਕੇ ਅੰਦਰਖਾਤੇ ਬੀਜੇਪੀ ਨਾਲ ਘਿਉ-ਖਿਚੜੀ ਹੋਣਾ ਸ਼ੁਰੂ ਕਰ ਦਿੱਤਾ ।
ਪਰ ਸੁਖਦੇਵ ਸਿੰਘ ਢੀਂਡਸਾ ਦੀ ਮਾੜੀ ਕਿਸਮਤ ਨੂੰ ਏਸੇ ਸਮੇਂ ਦੌਰਾਨ ਬੀਜੇਪੀ ਸਰਕਾਰ ਨੇ ਖੇਤੀ-ਬਾੜੀ ਉੱਤੇ ਤਿੰਨ ਕਾਲ਼ੇ ਕਾਨੂੰਨ ਘੜ੍ਹ ਦਿੱਤੇ, ਜਿਸਦੇ ਵਿਰੋਧ ਵਿੱਚ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਬੀਜੇਪੀ ਵਿਰੁੱਧ ਲੋਕ ਲਹਿਰ ਬਣ ਗਈ ਅਤੇ ਉਸਦੀ ਰਣਨੀਤੀ ਨੂੰ ਬੂਰ ਪੈਣ ਦੀ ਬਜਾਏ ਗਲ਼ੇ ਦੀ ਹੱਡੀ ਬਣ ਗਈ । ਕਿਉਂਕਿ ਉਹਨਾਂ ਨੇ ਅਜਿਹਾ ਕਰਕੇ ਆਪਣਾ ਤਾਂ ਛੱਡੋ, ਪਰ ਆਪਣੇ ਪੁੱਤਰ ਪਰਮਿੰਦਰ ਢੀਂਡਸਾ ਦਾ ਰਾਜਨੀਤਕ ਕੈਰੀਅਰ ਤਬਾਹ ਕਰਕੇ ਰੱਖ ਦਿੱਤਾ ਹੈ । ਅਕਾਲੀ ਦਲ ਬਾਦਲ ਨੇ ਪੂਰੀ ਹੁਸ਼ਿਆਰੀ ਦਿਖਾਉਂਦੇ ਹੋਏ ਬੀਜੇਪੀ ਨਾਲ਼ੋਂ ਆਪਣਾ ਨਾਤਾ ਤੋੜਕੇ ਪੰਜਾਬ ਹਿਤੈਸ਼ੀ ਹੋਣ ਦਾ ਵੀ ਪੰਜਾਬ ਦੀ ਜਨਤਾ ਨੂੰ ਦੱਸਣ ਦਾ ਯਤਨ ਕੀਤਾ ਹੈ ।
ਅੱਜ ਭਾਵੇਂ ਬੀਜੇਪੀ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਕੇ ਦੁੱਧ-ਧੋਤਾ ਹੋਣ ਦਾ ਲੱਖ ਯਤਨ ਕਰੇ, ਚੋਣਾਂ ਤੋਂ ਪਹਿਲਾਂ ਪੰਜਾਬ ਲਈ ਜਿੰਨੇ ਮਰਜੀ ਵੱਡੇ-ਵੱਡੇ ਪੈਕੇਜ ਐਲਾਨ ਕਰਕੇ ਪੰਜਾਬ ਦੀ ਜਨਤਾ ਨੂੰ ਆਪਣੇ ਪੱਖ ਵਿੱਚ ਕਰਨ ਲਈ ਘਾੜਤਾਂ ਘੜ੍ਹੇ , ਸਭ ਨਾਕਾਮ ਰਹਿਣਗੀਆਂ । ਭਾਵੇਂ ਸੰਯੁਕਤ ਅਕਾਲੀ ਦਲ ਨਾਲ ਲੋਕ ਇੱਕ ਨਵੇਂ ਰਾਜਨੀਤਕ ਬਦਲਾਓ ਨੂੰ ਲੈ ਕੇ ਜੁੜੇ ਸਨ , ਪਰ ਸੰਯੁਕਤ ਅਕਾਲੀ ਦਲ ਦੇ ਬੀਜੇਪੀ ਨਾਲ ਕੀਤੇ ਗੱਠਜੋੜ ਨਾਲ ਸੁਖਦੇਵ ਸਿੰਘ ਢੀਂਡਸਾ ਦੀ ਅਸਲ ਮਨਸ਼ਾ ਜੱਗ ਜ਼ਹਿਰ ਹੋ ਗਈ ਹੈ । ਇਸੇ ਕਰਕੇ ਹੁਣ ਇੱਕ ਆਮ ਵਰਕਰ ਤੋਂ ਲੈ ਕੇ ਹਰ ਵੱਡਾ ਲੀਡਰ ਇੱਕ-ਇੱਕ ਕਰਕੇ ਸੰਯੁਕਤ ਅਕਾਲੀ ਦਲ ਤੋਂ ਬਾਹਰ ਹੋ ਰਿਹਾ ਹੈ । ਕਿਉਂਕਿ ਉਹ ਜਾਣਦੇ ਹਨ ਕਿ ਪੰਜਾਬੀਆਂ ਨੂੰ ਪਤਾ ਹੈ ਕਿ ਭਾਵੇਂ ਬੀਜੇਪੀ ਨੇ ਕਾਲ਼ੇ ਕਾਨੂੰਨ ਵਾਪਸ ਲੈ ਲਏ ਹਨ , ਪਰ ਉਹ 700 ਤੋਂ ਵੱਧ ਜਾਨਾਂ ਵਾਰਨ ਵਾਲ਼ੇ ਆਪਣੇ ਲੋਕਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਦਿਲੋਂ ਭੁਲਾ ਨਹੀਂ ਸਕਣਗੇ ।
ਇਸ ਵੇਲੇ ਸੰਯੁਕਤ ਅਕਾਲੀ ਦਲ ਤੋਂ ਸਾਥ ਛੱਡਣ ਵਾਲੇ ਵਰਕਰ ਅਤੇ ਲੀਡਰ ਸੁਖਦੇਵ ਸਿੰਘ ਢੀਂਡਸਾ ਦੀ ਅਸਲ ਮਨਸ਼ਾ ਸਾਹਮਣੇ ਆਉਣ ਪਿੱਛੋਂ ਸਹੀ ਫੈਸਲਾ ਲੈਣ ਵਾਲੇ ਰਾਜਨੀਤਕ ਸੂਝ-ਬੂਝ ਵਾਲੇ ਚੰਗੇ ਅਤੇ ਸਿਆਣੇ ਲੀਡਰ ਕਹੇ ਜਾ ਸਕਦੇ ਹਨ । ਪਰ ਸੰਯੁਕਤ ਅਕਾਲੀ ਦਲ ਨਾਲ ਜੁੜੇ ਹੋਏ ਬਾਕੀ ਪੰਥਕ ਲੀਡਰਾਂ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ ਪੰਜਾਬੀਆਂ ਨੂੰ ਜੋ ਜ਼ਖ਼ਮ ਦਿੱਤੇ ਹਨ ਉਹ ਅਜੇ ਭਰੇ ਨਹੀਂ । ਇਹਨਾਂ ਅੱਲੇ ਜ਼ਖ਼ਮਾਂ ਵਿੱਚੋਂ ਅਜੇ ਵੀ ਬੀਜੇਪੀ ਦੀਆਂ ਪੰਜਾਬ ਅਤੇ ਸਿੱਖਾਂ ਪ੍ਰਤੀ ਨਫ਼ਰਤ ਦੀਆਂ ਚੀਸਾਂ ਅਤੇ ਦਰਦ ਪਨਪ ਰਹੇ ਹਨ । ਲੋਕ ਹੁਣ ਚੋਣਾਂ ਵਿੱਚ ਬੀਜੇਪੀ ਅਤੇ ਇਸਦੀਆਂ ਹਮਖਿਆਲੀ ਪਾਰਟੀਆਂ ਤੋਂ ਪੂਰਾ ਹਿਸਾਬ ਮੰਗਣਗੇ ।
ਸੋ, ਬੀਜੇਪੀ ਅਤੇ ਉਸਦੇ ਭਾਈਵਾਲ ਲੀਡਰੋ ! ਵੋਟਰਾਂ ਤੋਂ ਵੋਟਾਂ ਮੰਗਣ ਲਈ ਉਹਨਾਂ ਕੋਲ ਜਾਣ ਤੋਂ ਪਹਿਲਾਂ ਇੱਕ ਵਾਰ ਨਹੀਂ , ਸੌ ਵਾਰੀ ਨਹੀਂ, ਹਜ਼ਾਰ ਵਾਰੀ ਸੋਚਿਓ ।
ਰਿਪੋਰਟ-ਬਲਜਿੰਦਰ ਭਨੋਹੜ ।