ਦਿੱਲੀ ਸਿੱਖ ਗੁਰਦੁਆਰਾ ਮਨੇਜਮੈਂਟ ਕਮੇਟੀ ( ਡੀ ਐੱਸ ਜੀ ਐੱਮ ਸੀ ) ਦੇ ਪ੍ਰਧਾਨ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਹੋਇਆ ਹੈ। ਇਹ ਨੋਟਿਸ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਜਾਰੀ ਕੀਤਾ ਹੈ। ਇਸ ਕਾਰਨ ਹੁਣ ਸਿਰਸਾ ਦੇਸ਼ ਛੱਡਕੇ ਕਿਧਰੇ ਵੀ ਬਾਹਰ ਨਹੀਂ ਜਾ ਸਕਦੇ। ਇਸ ਸਬੰਧੀ ਸਿਰਸਾ ਦੇ ਦੇਸ਼ ਤੋਂ ਬਾਹਰ ਜਾਣ ‘ਤੇ ਰੋਕ ਲਾਉਣ ਸਬੰਧੀ ਦਿੱਲੀ ਪੁਲੀਸ ਵੱਲੋਂ ਦੇਸ਼ ਦੇ ਸਾਰੇ ਹੀ ਹਵਾਈ ਅੱਡਿਆਂ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।
ਜਿਕਰਯੋਗ ਹੈ ਕਿ ਦਿੱਲੀ ਦੀ ਆਰਥਿਕ ਅਪਰਾਧ ਸ਼ਾਖਾ ਨੇ ਸਿਰਸਾ ਖ਼ਿਲਾਫ਼ ਭ੍ਰਿਸ਼ਟਾਚਾਰ ਕਰਨ ਦੀ ਸ਼ਿਕਾਇਤ ਮਿਲਣ ਕਾਰਨ ਮਾਮਲਾ ਦਰਜ ਕੀਤਾ ਹੈ ਜਿਸਦੀ ਪੜਤਾਲ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਅਰੰਭ ਕਰ ਦਿੱਤੀ ਹੈ। ਸਿਰਸਾ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕਰਨ ਲਈ ਦਿੱਲੀ ਦੀ ਆਰਥਿਕ ਅਪਰਾਧ ਸ਼ਾਖਾ ਨੇ ਪਟਿਆਲਾ ਹਾਊਸ ਕੋਰਟ ਵਿੱਚ ਅਪੀਲ ਪਾਈ ਸੀ। ਪਟਿਆਲਾ ਹਾਊਸ ਕੋਰਟ ਨੇ ਦਿੱਲੀ ਆਰਥਿਕ ਅਪਰਾਧ ਸ਼ਾਖਾ ਦੀ ਅਪੀਲ ‘ਤੇ ਗੌਰ ਕਰਦਿਆਂ ਬੀਤੇ ਸੋਮਵਾਰ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਲੁੱਕ ਆਊਟ ਨੋਟਿਸ ਕਰ ਦਿੱਤਾ। ਸਿਰਸਾ ਖ਼ਿਲਾਫ਼ ਲੁੱਕ ਅਊਟ ਨੋਟਿਸ ਜਾਰੀ ਹੋਣ ਮਗਰੋਂ ਸਿਰਸਾ ਦੇ ਦੇਸ਼ ਛੱਡਕੇ ਬਾਹਰ ਜਾਣ ‘ਤੇ ਤੁਰੰਤ ਪਾਬੰਦੀ ਲਗਾ ਦਿੱਤੀ ਗਈ ਹੈ।
ਵਰਨਣਯੋਗ ਹੈ ਕਿ ਮਨਜਿੰਦਰ ਸਿੰਘ ਸਿਰਸਾ ਅਤੇ ਕੁਝ ਹੋਰ ਲੋਕਾਂ ਵਿਰੁੱਧ ਭੁਪਿੰਦਰ ਸਿੰਘ ਨਾਮਕ ਇੱਕ ਵਿਅਕਤੀ ਨੇ ਭ੍ਰਿਸ਼ਟਾਚਾਰ ਕਰਨ ਦੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸਤੇ ਸਿਰਸਾ ਖ਼ਿਲਾਫ਼ ਪਟਿਆਲਾ ਹਾਊਸ ਕੋਰਟ ਨੇ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੂੰ ਸਿਰਸਾ ਵਿਰੁੱਧ ਜਾਂਚ ਦੇ ਆਦੇਸ਼ ਜਾਰੀ ਕੀਤੇ। ਸ਼ਿਕਾਇਤ - ਕਰਤਾ ਨੇ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੂੰ ਲਿਖਤੀ ਸ਼ਿਕਾਇਤ ਵਿੱਚ ਸਿਰਸਾ ‘ਤੇ ਦੋਸ਼ ਲਾਇਆ ਹੈ ਕਿ ਜਦੋਂ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਮਨੇਜਮੈਂਟ ਕਮੇਟੀ ਦੇ ਮੈਂਬਰ ਸਨ ਤਾਂ ਸਿਰਸਾ ਨੇ ਆਪਣੇ ਸਾਥੀਆਂ ਸਮੇਤ ਸੰਸਥਾ ਵਿੱਚ ਲੱਖਾਂ ਰੁਪਏ ਦਾ ਹੇਰ-ਫੇਰ ਕੀਤਾ ਸੀ। ਸ਼ਿਕਾਇਤਕਰਤਾ ਦੀ ਸ਼ਿਕਾਇਤ ‘ਤੇ ਸੰਸਥਾ ਵਿੱਚ ਘਪਲੇਬਾਜੀ ਦੇ ਮਾਮਲੇ ਸਬੰਧੀ ਸਿਰਸਾ ਵਿਰੁੱਧ ਜਾਂਚ ਦੇ ਆਦੇਸ਼ ਜਾਰੀ ਕੀਤੇ ਗਏ।