ਮੁੱਖ ਮੰਤਰੀ ਮਾਨ ਨੂੰ ਫਲਾਈਟ ਤੋਂ ਉਤਾਰਿਆ ਜਾਂ ਨਹੀਂ ? ਕੇਂਦਰੀ ਮੰਤਰੀ ਸਿੰਧੀਆ ਨੇ ਦੱਸਿਆ ਸੱਚ ਦਾ ਕਿਵੇਂ ਲੱਗੇਗਾ ਪਤਾ

ਕਾਂਗਰਸੀ ਆਗੂ ਬਾਜਵਾ ਨੇ ਕੇਂਦਰੀ ਮੰਤਰੀ ਸਿੰਧੀਆ ਨੂੰ ਪੱਤਰ ਲਿਖ ਕੇ ਜਾਂਚ ਕਰਵਾ ਕੇ ਸੱਚ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ।
ਚੰਡੀਗੜ੍ਹ
: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰੈਂਕਫਰਟ ਏਅਰਪੋਰਟ ’ਤੇ ਉਤਾਰਨ ਦੇ ਦੋਸ਼ਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਆਪਸ ਆਹਮੋ ਸਾਹਮਣੇ ਹਨ। ਇਸ ਸਬੰਧੀ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਹੈ ਕਿ ਉਹ ਇਸ ਗੱਲ ਦੀ ਪੁਸ਼ਟੀ ਕਰਨ ਲਈ ਲੋੜੀਂਦੀ ਕਾਰਵਾਈ ਅਮਲ ’ਚ ਲਿਆਉਣਗੇ ਤਾਂ ਕਿ ਪਤਾ ਲੱਗੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰੈਂਕਫਰਟ ਹਵਾਈ ਅੱਡੇ ’ਤੇ ਉਤਾਰਿਆ ਗਿਆ ਸੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਫਰੈਂਕਫਰਟ ਪ੍ਰਸ਼ਾਸਨ ਤੋਂ ਜਾਣਕਾਰੀ ਮੰਗੀ ਜਾ ਰਹੀ ਹੈ। ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਇਹ ਇਕ ਅਜਿਹੀ ਘਟਨਾ ਹੈ ਜੋ ਅੰਤਰਰਾਸ਼ਟਰੀ ਧਰਤੀ ’ਤੇ ਵਾਪਰੀ ਹੈ। ਸਭ ਤੋਂ ਪਹਿਲਾਂ ਸਾਨੂੰ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਨੀ ਪਵੇਗੀ ਕਿ ਇਹ ਸੱਚ ਹੈ ਜਾਂ ਅਫਵਾਹ। ਭਗਵੰਤ ਮਾਨ ਨੂੰ ਫਰੈਂਕਫਰਟ ਏਅਰਪੋਰਟ ’ਤੇ ਨਸ਼ਾ ਕਰਨ ਦੇ ਦੋਸ਼ ’ਚ ਫਲਾਈਟ ਤੋਂ ਉਤਾਰਿਆ ਗਿਆ ਜਾਂ ਨਹੀਂ, ਉਥੋਂ ਰਿਪੋਰਟ ਮੰਗੀ ਜਾਵੇਗੀ। ਸਿਰਫ਼ ਲੁਫਥਾਂਸਾ ਏਅਰਲਾਈਨ ਹੀ ਇਹ ਡਾਟਾ ਪ੍ਰਦਾਨ ਕਰ ਸਕਦੀ ਹੈ। ਏਅਰਲਾਈਨ ਨੂੰ ਸੱਚਾਈ ਦੱਸਣ ਲਈ ਕਿਹਾ ਜਾਵੇਗਾ। ਇਸ ਮਾਮਲੇ ਸਬੰਧੀ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫਰੈਂਕਫਰਟ ਹਵਾਈ ਅੱਡੇ ’ਤੇ ਉਤਰਨ ਨੂੰ ਮੁੱਦਾ ਬਣਾਉਂਦਿਆਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਬਾਜਵਾ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਨੂੰ ਪੱਤਰ ਲਿਖ ਕੇ ਪੂਰੇ ਘਟਨਾਕ੍ਰਮ ਦੀ ਜਾਂਚ ਅਤੇ ਅਸਲ ਤੱਥ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ।
ਉੱਧਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਫਰਜ਼ੀ ਕਰਾਰ ਦਿੱਤਾ ਹੈ। ’ਆਪ’ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚੰਗੇ ਕੰਮ ਕਾਰਨ ਵਿਰੋਧੀ ਭੜਕ ਉੱਠੇ ਹਨ।