ਵਾਇਨਾਡ, 12 ਅਗਸਤ : ਆਪਣੀ ਸੰਸਦੀ ਮੈਂਬਰੀ ਬਹਾਲ ਹੋਣ ਤੋਂ ਬਾਅਦ ਪਹਿਲੀਵਾਰ ਦੋ ਦਿਨਾਂ ਦੌਰੇ ਤੇ ਵਾਇਨਾਡ ਪਹੁੰਚੇ ਕਾਂਗਰਸੀ ਆਗੂ ਰਾਹੁਲ ਗਾਂਧੀ। ਇਸ ਮੌਕੇ ਲੋਕਾਂ ਦੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਕੁੱਝ ਸਮਾਂ ਪਹਿਲਾਂ ਹੀ ਮਨੀਪੁਰ ਗਿਆ ਸੀ, ਜੋ ਉਨ੍ਹਾਂ ਨੇ ਉੱਥੇ ਦੇਖਿਆ ਉਹ ਉਸਨੇ ਆਪਣੇ ਸਿਆਸੀ ਕੈਰੀਅਰ ਵਿੱਚ 19 ਸਾਲਾਂ ਵਿੱਚ ਨਹੀਂ ਦੇਖਿਆ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਦੋ ਲੋਕਾਂ ਬਾਰੇ ਦੱਸਦੇ ਹਨ, ਜਿੰਨ੍ਹਾਂ ਨੇ ਉਸਨੂੰ ਜੋ ਦੱਸਿਆ ਉਹ ਉਸਨੂੰ ਅੱਜ ਵੀ ਪ੍ਰੇਸ਼ਾਨ ਕਰਦਾ ਹੈ। ਮੈਂ ਰਾਹਤ ਕੈਂਪ ਵਿਚ ਦੋ ਔਰਤਾਂ ਨਾਲ ਗੱਲ ਕੀਤੀ, ਜਦੋਂ ਮੈਂ ਕੈਂਪ ਵਿਚ ਦਾਖਲ ਹੋਇਆ ਤਾਂ ਉਨ੍ਹਾਂ ਵਿਚੋਂ ਇਕ ਇਕੱਲੀ ਸੀ। ਬਾਕੀ ਆਪਣੇ ਪਰਿਵਾਰਾਂ ਨਾਲ ਸਨ। ਮੈਂ ਉਸਨੂੰ ਪੁੱਛਿਆ ਕਿ ਤੁਹਾਡਾ ਪਰਿਵਾਰ ਕਿੱਥੇ ਹੈ? ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਵਿਚ ਕੋਈ ਨਹੀਂ ਬਚਿਆ। ਪਹਿਲਾਂ ਤਾਂ ਮੈਂ ਚੁੱਪ ਰਿਹਾ ਤੇ ਕੁਝ ਨਾ ਬੋਲਿਆ। ਇਹ ਸਭ ਦੱਸਦੇ ਹੋਏ ਉਹ ਕੰਬ ਰਹੀ ਸੀ। ਉਸ ਨੇ ਦੱਸਿਆ ਕਿ ਮੇਰਾ ਘਰ ਸੜ ਗਿਆ। ਸਿਰਫ਼ ਜੋ ਕੱਪੜੇ ਪਾਏ ਹਨ ਉਹੀ ਕੱਪੜੇ ਬਚੇ ਹਨ। ਇਸੇ ਤਰ੍ਹਾਂ ਦੀ ਕਹਾਣੀ ਇਕ ਹੋਰ ਔਰਤ ਨੇ ਦੱਸੀ। ਇਹ ਸਿਰਫ਼ ਦੋ ਉਦਾਹਰਣਾਂ ਹਨ, ਮਨੀਪੁਰ ਵਿਚ ਅਜਿਹੀਆਂ ਹਜ਼ਾਰਾਂ ਕਹਾਣੀਆਂ ਹਨ। ਕਿਸੇ ਦਾ ਭਰਾ ਮਾਰਿਆ ਗਿਆ, ਕਿਸੇ ਦੀ ਮਾਂ ਮਾਰੀ ਗਈ, ਘਰ ਸਾੜ ਦਿਤਾ ਗਿਆ। ਕਿਸੇ ਨੇ ਮਨੀਪੁਰ ਨੂੰ ਅੱਗ ਲਾ ਦਿਤੀ ਹੈ। ਜਦੋਂ ਅਸੀਂ ਮਨੀਪੁਰ ਦੇ ਮੇਈਟੀ ਇਲਾਕੇ ਵਿਚ ਗਏ ਤਾਂ ਉੱਥੇ ਦੇ ਲੋਕਾਂ ਨੇ ਕਿਹਾ ਕਿ ਜੇਕਰ ਤੁਹਾਡੀ ਸੁਰੱਖਿਆ ਵਿਚ ਕੋਈ ਕੂਕੀ ਹੈ ਤਾਂ ਅਸੀਂ ਉਸ ਨੂੰ ਮਾਰ ਦੇਵਾਂਗੇ। ਜਦੋਂ ਅਸੀਂ ਕੂਕੀ ਖੇਤਰ ਵਿਚ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਡੀ ਸੁਰੱਖਿਆ ਵਿਚ ਕੋਈ ਮੀਤੀ ਹੈ, ਤਾਂ ਅਸੀਂ ਉਸਨੂੰ ਮਾਰ ਦੇਵਾਂਗੇ। ਉਥੇ ਸਥਿਤੀ ਦੀ ਕੀ ਹੈ ਇਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਹਰ ਪਾਸੇ ਖੂਨ ਹੈ, ਔਰਤਾਂ ਨਾਲ ਬਲਾਤਕਾਰ ਹੋ ਰਹੇ ਹਨ। ਜਦੋਂ ਮੈਂ ਇਹ ਗੱਲਾਂ ਸੰਸਦ ਵਿਚ ਕਹੀਆਂ। ਇਸ ਤੋਂ ਬਾਅਦ ਪੀਐਮ ਮੋਦੀ ਦੋ ਘੰਟੇ ਤਕ ਬੋਲੇ, ਜਿਸ ਦੌਰਾਨ ਉਹ ਹੱਸਦੇ ਹੋਏ ਅਤੇ ਮਜ਼ਾਕ ਕਰਦੇ ਰਹੇ। ਆਪਣੇ ਦੋ ਘੰਟੇ ਦੇ ਭਾਸ਼ਣ 'ਚ ਉਨ੍ਹਾਂ ਨੇ ਮਨੀਪੁਰ 'ਤੇ ਸਿਰਫ ਦੋ ਮਿੰਟ ਹੀ ਬੋਲੇ। ਰਾਹੁਲ ਨੇ ਕਿਹਾ ਕਿ ਮਨੀਪੁਰ ਵਿੱਚ ਔਰਤਾਂ ਨਾਲ ਬਲਾਤਕਾਰ ਹੋ ਰਹੇ ਹਨ, ਲੋਕਾਂ ਨਾਲ ਅੱਤਿਆਚਾਰ ਕੀਤਾ ਜਾ ਰਿਹਾ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਜਾ ਨਹੀਂ ਰਹੇ, ਰਾਹੁਲ ਨੇ ਕਿਹਾ ਮੈਂ ਸੰਸਦ ਵਿਚ ਕਿਹਾ ਕਿ ਤੁਸੀਂ ਮਨੀਪੁਰ ਵਿਚ ਭਾਰਤ ਮਾਤਾ ਦਾ ਕਤਲ ਕੀਤਾ ਹੈ। ਭਾਜਪਾ ਅਤੇ ਆਰਐਸਐਸ ਨੂੰ ਪਤਾ ਨਹੀਂ ਪਰਿਵਾਰ ਕੀ ਹੁੰਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਰਾਹੁਲ ਗਾਂਧੀ ਨੂੰ ਸੰਸਦ ਤੋਂ ਬਾਹਰ ਕਰ ਦਿੰਦੇ ਹਨ ਤਾਂ ਉਹ ਵਾਇਨਾਡ ਤੋਂ ਦੂਰ ਹੋ ਜਾਣਗੇ। ਨਹੀਂ, ਜੇਕਰ ਤੁਸੀਂ ਰਾਹੁਲ ਗਾਂਧੀ ਤੋਂ ਸੰਸਦ ਮੈਂਬਰ ਹਟਾ ਲੈਂਦੇ ਹੋ ਤਾਂ ਵਾਇਨਾਡ ਦੇ ਲੋਕਾਂ ਨਾਲ ਉਨ੍ਹਾਂ ਦਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ।