ਗਯਾ ਨਗਰ, 31 ਦਸੰਬਰ : ਗਯਾ ਨਗਰ ਨਿਗਮ ਚੋਣਾਂ ਵਿੱਚ ਬਿਹਾਰ ਨੇ ਇਸ ਵਾਰ ਇਤਿਹਾਸ ਰਚਿਆ ਹੈ। ਜਿਸ ਇੱਕ ਔਰਤ ਨੇ 40 ਸਾਲਾਂ ਤੱਕ ਆਪਣੇ ਸਿਰ ‘ਤੇ ਗੰਦਗੀ ਚੁੱਕ ਕੇ ਸ਼ਹਿਰ ਦੀਆਂ ਸੜਕਾਂ ‘ਤੇ ਝਾੜੂ ਲਾਇਆ, ਅੱਜ ਉਸ ਨੂੰ ਗਯਾ ਦੀ ਡਿਪਟੀ ਮੇਅਰ ਬਣਾਇਆ ਗਿਆ ਹੈ। ਅਜਿਹਾ ਨਹੀਂ ਹੈ ਕਿ ਬਿਹਾਰ ਦੇ ਗਯਾ ਵਿੱਚ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ। ਇਸ ਤੋਂ ਪਹਿਲਾਂ ਵੀ ਪੱਥਰ ਤੋੜਨ ਵਾਲੀ ਮੁਸਹਰ ਜਾਤੀ ਦੀ ਔਰਤ ਭਗਵਤਿਆ ਦੇਵੀ ਦੇਸ਼ ਦੀ ਸਭ ਤੋਂ ਉੱਚੀ ਸੀਟ ਲੋਕ ਸਭਾ ਵਿੱਚ ਬਿਹਾਰ ਦੇ ਗਯਾ ਦੀ ਨੁਮਾਇੰਦਗੀ ਕਰ ਚੁੱਕੀ ਹੈ। ਡਿਪਟੀ ਮੇਅਰ ਦੇ ਅਹੁਦੇ ‘ਤੇ ਬਿਰਾਜਮਾਨ ਹੋ ਕੇ ਚਿੰਤਾ ਦੇਵੀ ਨੇ ਦਿਖਾਇਆ ਹੈ ਕਿ ਸਮਾਜ ਦੇ ਆਖ਼ਰੀ ਮੁਕਾਮ ‘ਤੇ ਰਹਿ ਕੇ ਵੀ ਔਰਤ ਸਮਾਜ ਦੇ ਉੱਚੇ ਅਹੁਦੇ ‘ਤੇ ਬੈਠ ਸਕਦੀ ਹੈ। ਸਵੀਪਰ ਰਹੀ ਚਿੰਤਾ ਦੇਵੀ ਨੇ ਡਿਪਟੀ ਮੇਅਰ ਬਣ ਕੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਉਹ ਸਬਜ਼ੀ ਵੇਚਣ ਦਾ ਕੰਮ ਵੀ ਕਰਦੀ ਸੀ। ਗਯਾ ਦੇ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ। ਡਿਪਟੀ ਮੇਅਰ ਬਣਨ ਤੋਂ ਬਾਅਦ ਚਿੰਤਾ ਦੇਵੀ ਨੇ ਜਨਤਾ ਦੀ ਸੇਵਾ ਕਰਨ ਦੀ ਗੱਲ ਕਹੀ ਹੈ। ਸਾਬਕਾ ਡਿਪਟੀ ਮੇਅਰ ਮੋਹਨ ਸ੍ਰੀਵਾਸਤਵ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੇ ਦੱਬੇ-ਕੁਚਲੇ ਲੋਕਾਂ ਦਾ ਸਾਥ ਦੇ ਕੇ ਸਮਾਜ ਨੂੰ ਅੱਗੇ ਲਿਜਾਣ ਦਾ ਕੰਮ ਕੀਤਾ ਹੈ।