ਨਵੀਂ ਦਿੱਲੀ, 21 ਦਸੰਬਰ : ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਢ ਦੇ ਮੱਦੇਨਜ਼ਰ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰ ਪ੍ਰਦੇਸ਼, ਦਿੱਲੀ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਕਈ ਇਲਾਕਿਆਂ ਵਿੱਚ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਸਵੇਰੇ ਸੰਘਣੀ ਧੁੰਦ ਛਾਈ ਰਹੀ। ਘੱਟ ਵਿਜ਼ੀਬਿਲਟੀ ਕਾਰਨ ਸੜਕ ਹਾਦਸਿਆਂ ਵਿੱਚ ਪੰਜਾਬ ਵਿੱਚ ਪੰਜ ਅਤੇ ਯੂਪੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਯੂਪੀ ਦੇ ਟਰਾਂਸਪੋਰਟ ਮੰਤਰੀ ਦਯਾਸ਼ੰਕਰ ਸਿੰਘ ਨੇ ਕਿਹਾ ਕਿ ਸੰਘਣੀ ਧੁੰਦ ਕਾਰਨ ਹੋ ਰਹੇ ਹਾਦਸਿਆਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਮੰਗਲਵਾਰ ਤੋਂ ਰੋਡਵੇਜ਼ ਬੱਸਾਂ ਦੀ ਰਾਤ ਦੀ ਸੇਵਾ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ 21 ਜਨਵਰੀ ਤੋਂ ਸਾਰੇ ਸਕੂਲ ਸਵੇਰੇ 10 ਵਜੇ ਤੋਂ ਖੋਲ੍ਹਣ ਦੇ ਹੁਕਮ ਦਿੱਤੇ ਹਨ।ਸੰਘਣੀ ਧੁੰਦ ਕਾਰਨ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਰਾਜਧਾਨੀ ਦਿੱਲੀ 'ਚ ਲੰਬੀ ਦੂਰੀ ਦੀਆਂ 70 ਤੋਂ ਵੱਧ ਟਰੇਨਾਂ 2 ਤੋਂ 6 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ 20 ਤੋਂ ਵੱਧ ਜਹਾਜ਼ਾਂ ਨੇ 15 ਤੋਂ 30 ਮਿੰਟ ਦੇਰੀ ਨਾਲ ਉਡਾਣ ਭਰੀ। ਮੁਰਾਦਾਬਾਦ ਵਿੱਚ 32 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ। ਪੰਜਾਬ ਵਿੱਚ 15 ਟਰੇਨਾਂ ਕਰੀਬ ਸੱਤ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ।ਕੱਲ੍ਹ ਦੁਪਹਿਰ 12 ਵਜੇ ਤੱਕ ਚੰਡੀਗੜ੍ਹ ਅਤੇ ਅੰਮ੍ਰਿਤਸਰ ਤੋਂ ਸਾਰੀਆਂ ਉਡਾਣਾਂ ਨੇ ਤਿੰਨ ਤੋਂ ਚਾਰ ਘੰਟੇ ਦੀ ਦੇਰੀ ਨਾਲ ਉਡਾਣ ਭਰੀ।