ਦੇਹਰਾਦੂਨ, 09 ਅਗਸਤ : ਉੱਤਰਾਖੰਡ ਸਰਕਾਰ ਨੇ ਸਿੱਖਾਂ ਭਾਈਚਾਰੇ ਦੀ ਕਈ ਸਾਲ ਪੁਰਾਣੀ ਮੰਗ ਆਨੰਦ ਮੈਰਿਜ ਐਕਟ ਨੂੰ ਸੂਬੇ ਵਿੱਚ ਲਾਗੂ ਕਰ ਦਿੱਤਾ ਹੈ। ਇਸ ਮੌਕੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਕੀਤੇ ਵਿਆਹ ਨੂੰ ਉਨ੍ਹਾਂ ਦੀ ਸਰਕਾਰ ਨੇ ਮਾਨਤਾ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਵਿਆਹ ਰਜਿਸਟੇ੍ਰਸ਼ਨ ਕਰਵਾਉਣ ‘ਚ ਆਸਾਨੀ ਹੋਵੇਗੀ ਉੱਥੇ ਸਿੱਖ ਔਰਤਾਂ ਦੇ ਹਿੱਤਾਂ ਦੀ ਵੀ ਰਾਖੀ ਹੋ ਸਕੇਗੀ। ਸਾਲ 1909 ’ਚ ਸਿੱਖਾਂ ਦੇ ਵਿਆਹ ਦੀ ਰਜਿਸਟਰੇਸ਼ਨ ਲਈ ਆਨੰਦ ਮੈਰਿਜ ਐਕਟ ਪਾਸ ਕੀਤਾ ਗਿਆ ਸੀ ਜੋ ਕਿ ਸਾਲ 2012 ’ਚ ਸੋਧੇ ਗਏ ਆਨੰਦ ਕਾਰਜ ਐਕਟ ਦੇ ਰੂਪ ’ਚ ਲੋਕ ਸਭਾ ਅਤੇ ਰਾਜ ਸਭਾ ’ਚ ਪਾਸ ਹੋਇਆ। ਪਰ ਉਦੋਂ ਤੋਂ ਕਈ ਸੂਬਿਆਂ ਨੇ ਨਾ ਤਾਂ ਇਸ ਦੇ ਨਿਯਮ ਬਣਾਏ ਅਤੇ ਨਾ ਹੀ ਲਾਗੂ ਕੀਤਾ। ਸਿੱਖ ਜਥੇਬੰਦੀਆਂ ਇਸ ਦੀ ਮੰਗ ਚੁਕਦੀਆਂ ਰਹੀਆਂ ਹਨ। ਦਸੰਬਰ 2022 ’ਚ ਕੌਮੀ ਘੱਟਗਿਣਤੀ ਕਮਿਸ਼ਨ ਦੇ ਮੁਖੀ ਸ. ਇਕਬਾਲ ਸਿੰਘ ਲਾਲਪੁਰਾ ਨੇ ਸੂਬੇ ਦੇ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਆਨੰਦ ਕਾਰਜ ਐਕਟ ਦੇ ਨਿਯਮ ਨਿਰਧਾਰਤ ਕਰਨ ਕੇ ਸੂਬੇ ’ਚ ਲਾਗੂ ਕਰਨ ਲਈ ਅਪੀਲ ਕੀਤੀ ਸੀ। ਸਾਲ 2022 ’ਚ ਉੱਤਰਾਖੰਡ ਹਾਈ ਕੋਰਟ ਨੇ ਵੀ ਸੂਬਾ ਸਰਕਾਰ ਨੂੰ ਆਨੰਦ ਕਾਰਜ ਐਕਟ ਲਾਗੂ ਕਰਨ ਦੇ ਹੁਕਮ ਦਿਤੇ ਸਨ। ਜਾਣਕਾਰੀ ਮੁਤਾਬਕ ਇਸ ’ਚ ਸੂਬਾ ਸਰਕਾਰ ਨੇ ਦਿੱਲੀ, ਕੇਰਲ, ਚੰਡੀਗੜ੍ਹ ਆਦਿ ਦੀ ਨਿਯਮਾਵਲੀ ਦੀ ਜਾਣਕਾਰੀ ਹਾਸਲ ਕਰ ਕੇ ਉੱਤਰਾਖੰਡ ਲਈ ਵੀ ਨਿਯਮਾਵਲੀ ਤਿਆਰ ਕੀਤੀ ਅਤੇ ਇਸ ਨੂੰ ਲਾਗੂ ਕੀਤਾ। ਉੱਤਰਾਖੰਡ ਦੇਸ਼ ਦਾ ਦਸਵਾਂ ਸੂਬਾ ਹੈ, ਜਿਸ ਨੇ ਇਹ ਐਕਟ ਲਾਗੂ ਕੀਤਾ ਹੈ। ਇਸ ਨਾਲ ਸੂਬੇ ਦੇ ਨੌਜੁਆਨਾਂ ਨੂੰ ਵਿਆਹ ਲਈ ਰਜਿਸਟਰੇਸ਼ਨ ’ਚ ਆਸਾਨੀ ਹੋਵੇਗੀ ਅਤੇ ਵਿਆਹ ਤੋਂ ਬਾਅਦ ਵੀ ਇਸ ਐਕਟ ਨਾਲ ਖ਼ਾਸ ਤੌਰ ’ਤੇ ਔਰਤਾਂ ਦੇ ਹਿਤਾਂ ਦੀ ਰਾਖੀ ਹੋ ਸਕੇਗੀ। ਬੀ.ਜੇ.ਪੀ. ਸ਼ਾਸਤ ਅਸਮ ਅਤੇ ਉੱਤਰਾਖੰਡ ’ਚ ਇਕ ਹੀ ਦਿਨ 3 ਅਗੱਸਤ, 2023 ਨੂੰ ਇਕੱਠਿਆਂ ਇਸ ਐਕਟ ਨੂੰ ਆਪੋ-ਅਪਣੇ ਸੂਬੇ ਦੀ ਕੈਬਿਨੇਟ ’ਚ ਪਾਸ ਕੀਤਾ ਗਿਆ ਹੈ।