ਉੱਤਰਾਖੰਡ, 20 ਅਗਸਤ : ਸਥਾਨਕ ਸ਼ਹਿਰ ਦੇ ਗੰਗੋਤਰੀ ਰਾਸ਼ਟਰੀ ਮਾਰਗ ਤੇ ਗੰਗਨਾਨੀ ਨੇੜੇ ਇੱਕ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਵਿੱਚ 35 ਯਾਤਰੀ ਸਵਾਰ ਸਨ, ਜਿੰਨ੍ਹਾਂ ਵਿੱਚੋਂ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 27 ਲੋਕਾਂ ਨੂੰ ਬਚਾ ਲਿਆ ਗਿਆ ਹੈ।ਇੱਕ ਯਾਤਰੀ ਲਾਪਤਾ ਹੈ। ਜਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉੱਤਰਕਾਸ਼ੀ ਦੇ ਡੀਐਮ ਅਤੇ ਐਸਪੀ ਨੇ ਦੱਸਿਆ ਕਿ ਬੱਸ ਨੰਬਰ UK07PA-8585 100 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਬਚਾਅ ਕਾਰਜ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੱਸ 'ਚ ਗੁਜਰਾਤ ਦੇ ਲੋਕ ਸਫਰ ਕਰ ਰਹੇ ਸਨ। ਉਹ ਗੰਗੋਤਰੀ ਧਾਮ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਗੰਗਨਾਨੀ ਨੇੜੇ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ। ਨਤੀਜੇ ਵਜੋਂ, ਬੱਸ ਡੂੰਘੀ ਖੱਡ ਵਿਚ ਜਾ ਡਿੱਗੀ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕਰਕੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਲਿਖਿਆ- ਹਾਦਸੇ 'ਚ ਕੁਝ ਲੋਕਾਂ ਦੀ ਜਾਨ ਗਵਾਉਣ ਅਤੇ ਕੁਝ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਬਚਾਅ ਕਾਰਜ ਜਾਰੀ ਹੈ। ਪ੍ਰਮਾਤਮਾ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਮੈਂ ਸਾਰੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।