- ਕੰਮ ਅਤੇ ਕਾਂਗਰਸ ਪਾਰਟੀ 'ਚ ਰੁੱਝਿਆ ਹੋਇਆ ਸੀ ਕਿ ਵਿਆਹ ਬਾਰੇ ਸੋਚ ਹੀ ਨਹੀਂ ਸਕਿਆ : ਰਾਹੁਲ ਗਾਂਧੀ
ਜੈਪੁਰ, 10 ਅਕਤੂਬਰ : ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਜੈਪੁਰ ਦੇ ਮਹਾਰਾਣੀ ਕਾਲਜ ਪੁੱਜੇ ਅਤੇ ਉੱਥੇ ਉਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਸਬੰਧੀ ਰਾਹੁਲ ਗਾਂਧੀ ਵੱਲੋਂ ਇੱਕ ਵੀਡੀਓ ਵੀ ਯੂਟਿਊਬ ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਜਿੱਥੇ ਰਾਹੁਲ ਗਾਂਧੀ ਇੱਕ ਵਿਦਿਆਰਥਣ ਨਾਲ ਸਕੂਟਰ ਦੀ ਸਵਾਰੀ ਕਰਦੇ ਦਿਖਾਈ ਦਿੰਦੇ ਹਨ, ਉੱਥੇ ਹੀ ਇੱਕ ਵਿਦਿਆਰਥਣ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਸਰ ਤੁਸੀਂ ਕਿੰਨੇ ਹੁਸ਼ਿਆਰ ਹੋ, ਸੋਹਣੇ ਵੀ ਦਿਖਦੇ ਹੋ, ਫਿਰ ਤੁਸੀਂ ਹੁਣ ਤੱਕ ਵਿਆਹ ਕਿਉਂ ਨਹੀਂ ਕਰਵਾਇਆ? ਇਸ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਆਪਣੇ ਕੰਮ ਅਤੇ ਕਾਂਗਰਸ ਪਾਰਟੀ ਵਿੱਚ ਪੂਰੀ ਤਰ੍ਹਾਂ ਰੁੱਝਿਆ ਹੋਇਆ ਸੀ, ਜਿਸ ਵਿਦਿਆਰਥਣਾਂ ਨੇ ਸਾਬਕਾ ਕਾਂਗਰਸ ਪ੍ਰਧਾਨ ਤੋਂ ਜਾਤੀ ਜਨਗਣਨਾ ਸਬੰਧੀ ਸਵਾਲ ਵੀ ਪੁੱਛੇ। ਇਸ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਜਾਤੀ ਜਨਗਣਨਾ ਦੇ ਹੱਕ 'ਚ ਹਨ ਕਿਉਂਕਿ ਇਹ ਜਾਤੀ ਜਨਗਣਨਾ ਇਕ 'ਐਕਸ-ਰੇ' ਵਰਗੀ ਹੈ ਜੋ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.), ਦਲਿਤਾਂ ਅਤੇ ਆਦਿਵਾਸੀ ਭਾਈਚਾਰਿਆਂ ਦੀ ਅਸਲ ਸਥਿਤੀ ਨੂੰ ਉਜਾਗਰ ਕਰੇਗੀ। ਉਨ੍ਹਾਂ ਕਿਹਾ ਕਿ “ਸੱਚਾਈ ਇਹ ਹੈ ਕਿ ਸੱਤਾ ਢਾਂਚੇ ਵਿਚ ਓਬੀਸੀ, ਦਲਿਤ ਅਤੇ ਆਦਿਵਾਸੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਕੋਈ ਨਹੀਂ ਜਾਣਦਾ ਕਿ ਓਬੀਸੀ, ਦਲਿਤ, ਆਦਿਵਾਸੀ ਅਤੇ ਜਨਰਲ ਵਰਗ ਦੇ ਕਿੰਨੇ ਲੋਕ ਹਨ। ਜੇਕਰ ਤੁਸੀਂ ਜ਼ਖਮੀ ਹੋ ਜਾਂਦੇ ਹੋ, ਤਾਂ ਸਭ ਤੋਂ ਪਹਿਲਾਂ ਤੁਸੀਂ ਐਕਸ-ਰੇ ਕਰਵਾਉਂਦੇ ਹੋ..ਜਾਤੀ ਜਨਗਣਨਾ ਵੀ ਇੱਕ ਐਕਸ-ਰੇ ਹੈ।" ਜਦੋਂ ਇਕ ਵਿਦਿਆਰਥਣ ਨੇ ਰਾਹੁਲ ਗਾਂਧੀ ਤੋਂ ਉਨ੍ਹਾਂ ਦੇ ਚਮਕਦੇ ਚਿਹਰੇ ਦਾ ਰਾਜ਼ ਪੁੱਛਣਾ ਚਾਹਿਆ ਤਾਂ ਕਾਂਗਰਸ ਨੇਤਾ ਨੇ ਕਿਹਾ ਕਿ ਉਹ ਆਪਣਾ ਚਿਹਰਾ ਧੋਣ ਲਈ ਸਾਬਣ ਅਤੇ ਕਰੀਮ ਦੀ ਵਰਤੋਂ ਨਹੀਂ ਕਰਦੇ, ਸਗੋਂ ਸਿਰਫ਼ ਪਾਣੀ ਨਾਲ ਆਪਣਾ ਚਿਹਰਾ ਸਾਫ਼ ਕਰਦੇ ਹਨ।