ਮਿਰਜ਼ਾਪੁਰ, 26 ਨਵੰਬਰ : ਯੂਪੀ ਦੇ ਮਿਰਜ਼ਾਪੁਰ ਵਿੱਚ ਇੱਕ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਕਾਰ ਸਵਾਰ 4 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਅਦਲਹਾਟ ਥਾਣਾ ਖੇਤਰ ਦੇ ਅਧੀਨ ਸਿੱਕੀਆਂ ਸਥਿਤ ਪੈਟਰੋਲ ਪੰਪ ਦੇ ਕੋਲ ਇੱਕ ਟਰਾਲੇ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਵਿੱਚ ਸਵਾਰ 4 ਲੋਕਾਂ ਦੀ ਮੌਤ ਹੋ ਗਈ ਤੇ ਦੋ ਜਖ਼ਮੀ ਹੋ ਗਏ। ਜਖ਼ਮੀਆਂ ਦਾ ਵਾਰਾਨਸੀ ਦੇ ਟਰੌਮਾ ਸੈਂਟਰ ਵਿੱਚ ਇਲਾਜ ਚੱਲ ਰਿਹਾ ਹੈ। ਕਾਰ ਸਵਾਰ ਇੱਕ ਵਿਅਕਤੀ, ਦੋ ਔਰਤਾਂ ਅਤੇ ਇੱਕ 12 ਸਾਲਾ ਲੜਕਾ ਸੀ, ਜੋ ਵਾਰਾਨਸੀ ਵਿੱਚ ਇੱਕ ਵਿਆਹ ਸਮਾਗਮ ‘ਚ ਸ਼ਾਮਿਲ ਹੋਣ ਤੋਂ ਬਾਅਦ ਸੋਨਭੱਦਰ ਜਾ ਰਹੇ ਸਨ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਾਰੇ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ, ਰਾਮਨਗਰ, ਵਾਰਾਣਸੀ ਭੇਜ ਦਿੱਤਾ। ਜਿੱਥੇ ਡਾਕਟਰਾਂ ਨੇ ਸਾਰੇ ਜ਼ਖਮੀਆਂ ਨੂੰ ਸਹੀ ਇਲਾਜ ਲਈ ਟਰੌਮਾ ਸੈਂਟਰ ਵਾਰਾਨਸੀ ਰੈਫਰ ਕਰ ਦਿੱਤਾ। ਜਿੱਥੇ ਇਲਾਜ ਦੌਰਾਨ ਸ਼ਕੀਲਾ ਬਾਨੋ (56) ਹੁਸਨ ਆਰਾ (40) ,ਸਮਿਤਾ ਪਰਵੀਨ (35) ਅਤੇ ਦਿਲਸ਼ਾਦ ਪੁੱਤਰ ਦੀ ਮੌਤ ਹੋ ਗਈ। ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਏਐਸਪੀ ਨਕਸਲ ਓਪੀ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਤਿੰਨ ਔਰਤਾਂ ਅਤੇ ਇੱਕ ਬੱਚੇ ਦੀ ਮੌਤ ਹੋ ਗਈ। ਅਦਲਹਾਟ ਥਾਣਾ ਪੁਲਿਸ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਟਰਾਲੇ ਨੂੰ ਜ਼ਬਤ ਕਰ ਲਿਆ ਹੈ ਅਤੇ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਹੈ। ਕਾਰ ਚਾਲਕ ਤੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।