- ਸੀਐੱਮ ਨਿਤੀਸ਼ ਕੁਮਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
ਪਟਨਾ, 12 ਅਕਤੂਬਰ : ਦਿੱਲੀ ਤੋਂ ਬਿਹਾਰ ਦੇ ਗੁਹਾਟੀ ਜਾ ਰਹੀ ਨੌਰਥ-ਈਸਟ ਐਕਸਪ੍ਰੈਸ (12506) ਬੁੱਧਵਾਰ ਰਾਤ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ। ਰੇਲਗੱਡੀ ਦੀਆਂ ਸਾਰੀਆਂ 21 ਬੋਗੀਆਂ ਪਟੜੀ ਤੋਂ ਉਤਰ ਗਈਆਂ, ਜਿਸ ਵਿੱਚ ਦੋ ਏਸੀ-3 ਟਾਇਰ ਬੋਗੀਆਂ ਵੀ ਸ਼ਾਮਲ ਹਨ ਜੋ ਪਲਟ ਗਈਆਂ। ਇਸ ਹਾਦਸੇ ਵਿੱਚ ਚਾਰ ਯਾਤਰੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਦੋ ਪੁਰਸ਼, ਇੱਕ ਔਰਤ ਅਤੇ ਇੱਕ ਬੱਚੀ ਸ਼ਾਮਿਲ ਹੈ। ਇਹ ਹਾਦਸਾ ਬਕਸਰ-ਆਰਾ ਵਿਚਕਾਰ ਰਘੂਨਾਥਪੁਰ ਸਟੇਸ਼ਨ ਨੇੜੇ ਰਾਤ 9.35 ਵਜੇ ਵਾਪਰਿਆ। ਟਰੇਨ ‘ਚ ਸਵਾਰ 100 ਤੋਂ ਜ਼ਿਆਦਾ ਯਾਤਰੀ ਜ਼ਖਮੀ ਹੋ ਗਏ ਹਨ। ਇਨ੍ਹਾਂ ‘ਚੋਂ 5 ਤੋਂ 20 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਏਮਜ਼ ਪਟਨਾ ਭੇਜਿਆ ਗਿਆ ਹੈ। ਹੋਰ ਜ਼ਖ਼ਮੀਆਂ ਦਾ ਸਥਾਨਕ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਹਾਦਸੇ ਦੀ ਜਾਂਚ ਕੀਤੀ ਜਾਵੇਗੀ। ਘਟਨਾ ਤੋਂ ਬਾਅਦ ਪਟਨਾ, ਅਰਰਾਹ ਅਤੇ ਬਕਸਰ ਤੋਂ ਰੇਲਵੇ ਦੀ ਬਚਾਅ ਟੀਮ ਨੇ NDRF ਅਤੇ SDRF ਦੀ ਟੀਮ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। । ਬਿਹਾਰ ਸਰਕਾਰ ਨੇ ਰੇਲ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਰੇਲ ਹਾਦਸੇ ਬਾਰੇ ਸੀਐੱਮ ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ਕਿਹਾ, "ਜਿਵੇਂ ਹੀ ਸਾਨੂੰ ਹਾਦਸੇ ਬਾਰੇ ਪਤਾ ਲੱਗਾ, ਲੋਕ ਕੰਮ ਕਰਨ ਲੱਗੇ... ਚਾਰ ਲੋਕਾਂ ਦੀ ਮੌਤ ਹੋ ਗਈ... ਅਸੀਂ ਸਾਰਿਆਂ ਦੀ ਮਦਦ ਕਰਨ ਜਾ ਰਹੇ ਹਾਂ।" ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਵੱਲੋਂ 4 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ ਵੀ 5,000 ਰੁਪਏ ਦਿੱਤੇ ਜਾਣਗੇ।